ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਦੌਰਾਨ ਇੱਕ ਵਾਰ ਪਰਿਵਾਰਵਾਦ ਦਾ ਮੁੱਦਾ ਭਖਦਾ ਵਿਖਾਈ ਦੇ ਰਿਹਾ ਹੈ। ਲੰਮੇ ਸਮੇਂ ਤੋਂ ਪਰਿਵਾਰ ’ਚ ਟਿਕਟਾਂ ਵੰਡਣ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਪੰਜਾਬ ਚੋਣਾਂ ਟਿਕਟਾਂ ਦੇਣ ਨੂੰ ਲੈਕੇ ਸਮੀਕਰਨ ਬਦਲਦੇ ਵਿਖਾਈ ਦੇ ਰਹੇ ਹਨ।
ਪਰਿਵਾਰਵਾਦ ਕਾਰਨ ਸਿਆਸੀ ਪਾਰਟੀਆਂ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਰੋਹ ਅੱਗੇ ਝੁਕਦੇ ਪਾਰਟੀਆਂ ਆਪਣੀ ਰਣਨੀਤੀ ਬਦਲ ਰਹੀਆਂ ਹਨ। ਪੰਜਾਬ ਚੋਣਾਂ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਆਪਣੀ ਰਣਨੀਤੀ ਬਦਲਦਿਆਂ ਇਸ ਵਾਰ ਇੱਕ ਪਰਿਵਾਰ ਵਿੱਚੋਂ ਇੱਕ ਉਮੀਦਵਾਰ ਖੜ੍ਹਾ ਕਰਨ ਦਾ ਨਾਅਰਾ ਦਿੱਤਾ ਹੈ। ਪਰ ਗਰਾਊਂਡ 'ਤੇ ਜੇ ਵੇਖਿਆ ਜਾਵੇ ਤਾਂ ਤਸਵੀਰ ਬਿਲਕੁਲ ਹੈ। ਇਸ ਦੇ ਨਾਲ ਹੀ ਸੂਬੇ ਦੀ ਸਭ ਤੋਂ ਪੁਰਾਣੀ ਪੰਥਕ ਪਾਰਟੀ ਦੀ ਕਹਾਣੀ ਬਿਲਕੁਲ ਵੱਖਰੀ ਹੈ।
ਬਾਦਲ ਪਰਿਵਾਰ ਦਾ ਪਰਿਵਾਰਵਾਦ
ਪੰਜਾਬ ਵਿੱਚ ਜਿਸ ਪਾਰਟੀ ਦਾ ਨਾਂ ਪਰਿਵਾਰਵਾਦ ਦੇ ਸਿਖਰ 'ਤੇ ਆਉਂਦਾ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ। ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਾਂ ਇਸ ਵਾਰ ਵੀ ਉਹ ਲੰਬੇ ਸਮੇਂ ਤੋਂ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਜਲਾਲਾਬਾਦ ਤੋਂ ਚੋਣ ਲੜ ਰਹੇ ਹਨ। ਇੰਨ੍ਹਾਂ ਹੀ ਨਹੀਂ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੇ ਭਰਾ ਬਿਕਰਮ ਮਜੀਠੀਆ ਦੋ-ਦੋ ਸੀਟਾਂ 'ਤੇ ਚੋਣ ਮੈਦਾਨ ਚ ਉੱਤਰੇ ਹਨ। ਉਹ ਜਿੱਥੇ ਮਜੀਠੀਆ ਸੀਟ ਤੋਂ ਚੋਣ ਲੜ ਰਹੇ ਹਨ, ਉੱਥੇ ਹੀ ਉਹ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਟੱਕਰ ਦੇ ਰਹੇ ਹਨ।
ਓਧਰ ਦੂਜੇ ਪਾਸੇ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਪਹਿਲਾਂ ਹੀ ਲੋਕ ਸਭਾ ਮੈਂਬਰ ਹੈ। ਇਸ ਦੇ ਨਾਲ ਹੀ ਬਾਦਲ ਪਰਿਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਅਕਾਲੀ ਦਲ ਪੱਟੀ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਹਨ। ਪਿਛਲੀ ਅਕਾਲੀ ਦਲ ਦੀ ਸਰਕਾਰ ਵਿੱਚ ਵੀ ਉਹ ਕੈਬਨਿਟ ਮੰਤਰੀ ਰਹੇ ਹਨ।
ਇਸ ਦੇ ਨਾਲ ਹੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੋ ਕਿ ਅਕਾਲੀ ਦਲ ਦੇ ਜਨਰਲ ਸਕੱਤਰ ਹਨ ਅਤੇ ਉਨ੍ਹਾਂ ਦੇ ਪੁੱਤਰ ਜੋ ਕਿ ਮੌਜੂਦਾ ਸਮੇਂ ਵਿੱਚ ਵਿਧਾਇਕ ਵੀ ਹਨ, ਚੋਣ ਮੈਦਾਨ ਵਿੱਚ ਹਨ। ਚੰਦੂਮਾਜਰਾ ਘਨੌਰ ਤੋਂ ਅਤੇ ਪੁੱਤਰ ਸਨੌਰ ਸੀਟ ਤੋਂ ਚੋਣ ਲੜ ਰਹੇ ਹਨ।
ਇੰਨਾ ਹੀ ਨਹੀਂ ਉਨ੍ਹਾਂ ਨੇ 1995 ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਟਿਕਟ ਦਿੱਤੀ ਸੀ ਅਤੇ ਉਹ ਵਿਧਾਇਕ ਅਤੇ ਮੰਤਰੀ ਵੀ ਰਹੇ ਸਨ, ਹਾਲਾਂਕਿ ਅੱਜ ਦੇ ਦੌਰ ਵਿੱਚ ਮਨਪ੍ਰੀਤ ਬਾਦਲ ਕਾਂਗਰਸ ਵਿੱਚ ਹਨ ਅਤੇ ਬਠਿਰਾ ਤੋਂ ਮੰਤਰੀ ਅਤੇ ਉਮੀਦਵਾਰ ਵੀ ਹਨ। ਇਸ ਦੇ ਨਾਲ ਹੀ ਸਾਂਝੇ ਪੰਜਾਬ ਦੇ ਦੌਰ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਰਾ ਸ. ਗੁਰਦਾਸ ਸਿੰਘ ਬਾਦਲ ਸਿਰਸਾ-ਫਾਜ਼ਿਲਕਾ ਲੋਕ ਸਭਾ ਸੀਟ ਤੋਂ ਚੋਣ ਲੜੇ ਸਨ ਅਤੇ ਉਹ ਜਿੱਤ ਵੀ ਗਏ ਸਨ।
ਕੀ ਕਾਂਗਰਸ ਪੰਜਾਬ ’ਚ ਪਰਿਵਾਰਵਾਦ ਨੂੰ ਕਰ ਸਕੀ ਖਤਮ ?
ਪੰਜਾਬ ਵਿੱਚ ਪਰਿਵਾਰਦਾਦ ਸਿਰਫ ਸ਼੍ਰੋਮਣੀ ਅਕਾਲੀ ਦਲ ਚ ਹੀ ਨਹੀਂ ਸਗੋਂ ਕਾਂਗਰਸ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹੈ। ਪਾਰਟੀ ਭਾਵੇਂ ਪਰਿਵਾਰ ਨੂੰ ਟਿਕਟ ਦੇਣ ਦੀ ਗੱਲ ਕਰਦੀ ਹੈ ਪਰ ਸੀਨੀਅਰ ਆਗੂਆਂ ਨੇ ਆਪ ਦੀ ਥਾਂ ਆਪਣੇ ਪੁੱਤਰਾਂ ਨੂੰ ਹੀ ਅੱਗੇ ਕਰ ਦਿੱਤਾ ਹੈ। ਇੱਕ ਪਾਸੇ ਬ੍ਰਹਮ ਮਹਿੰਦਰਾ ਨੇ ਪਟਿਆਲਾ ਦਿਹਾਤੀ ਤੋਂ ਆਪਣੇ ਪੁੱਤਰ ਨੂੰ ਟਿਕਟ ਦਿੱਤੀ ਹੈ। ਇਸ ਦੇ ਨਾਲ ਹੀ ਅਵਤਾਰ ਹੈਨਰੀ ਨੇ ਆਪਣੇ ਬੇਟੇ ਨੂੰ ਜਲੰਧਰ ਤੋਂ ਟਿਕਟ ਦਿੱਤੀ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਲਹਿਰਾਗਾਗਾ ਤੋਂ ਚੋਣ ਲੜ ਰਹੇ ਹਨ, ਜਦਕਿ ਉਨ੍ਹਾਂ ਦੇ ਜਵਾਈ ਵਿਕਰਮ ਬਾਜਵਾ ਸਾਹਨੇਵਾਲ ਤੋਂ ਚੋਣ ਲੜ ਰਹੇ ਹਨ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਹਰਚਰਨ ਬਰਾੜ ਦੀ ਨੂੰਹ ਕਰਨ ਕੌਰ ਮੁਕਤਸਰ ਤੋਂ ਚੋਣ ਮੈਦਾਨ ਵਿੱਚ ਹਨ।
ਬਾਕੀ ਪਾਰਟੀਆਂ ਦਾ ਕੀ ਹੈ ਸੂਰਤ-ਏ-ਹਾਲ ?
ਪੰਜਾਬ ਵਿੱਚ ਦੂਜੀ ਵਾਰ ਚੋਣ ਮੈਦਾਨ ਵਿੱਚ ਉਤਰੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਪਰਿਵਾਰਵਾਦ ਤੋਂ ਥੋੜ੍ਹਾ ਦੂਰ ਜਾਪਦੀ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਇਹ ਨਵੀਂ ਸਿਆਸੀ ਪਾਰਟੀ ਹੈ। ਦੂਜੇ ਪਾਸੇ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਇਹ ਵੀ ਪਹਿਲੀ ਵਾਰ ਆਪਣੇ ਭਾਈਵਾਲ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਵੱਡੇ ਭਰਾ ਦੀ ਭੂਮਿਕਾ ਵਿੱਚ ਮੈਦਾਨ ਵਿੱਚ ਹੈ। ਇੱਥੇ ਪਰਿਵਾਰਵਾਦ ਦੇ ਬਹੁਤੇ ਮਾਮਲੇ ਨਹੀਂ ਹਨ। ਭਾਵੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਮੈਦਾਨ ਵਿੱਚ ਹਨ, ਜਦਕਿ ਉਨ੍ਹਾਂ ਦੀ ਧਾਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੀ ਸੰਸਦ ਹੈ। ਪਿਛਲੇ ਸਮੇਂ ਵਿੱਚ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਇੱਕ ਵਾਰ ਕਾਂਗਰਸ ਅਤੇ ਇੱਕ ਵਾਰ ਲੋਕ ਸਭਾ ਚੋਣ ਲੜੀ ਸੀ।
ਪਰਿਵਾਰਵਾਦ ’ਤੇ ਕੀ ਕਹਿਣਾ ਹੈ ਸਿਆਸੀ ਮਾਹਿਰਾਂ ਦਾ ?
ਪਰਿਵਾਰਵਾਦ ਬਾਰੇ ਸਿਆਸੀ ਮਾਮਲਿਆਂ ਦੇ ਮਾਹਿਰ ਪ੍ਰੋਫੈਸਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪਰਿਵਾਰਵਾਦ ਨੇ ਵਰਕਰਾਂ ਦੇ ਹੌਂਸਲੇ ਨੂੰ ਪ੍ਰਭਾਵਿਤ ਕੀਤਾ ਹੈ। ਭਾਵੇਂ ਪਾਰਟੀਆਂ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਪਰ ਸੱਤਾ ਵਿਚ ਰਹਿਣ ਵਾਲੇ ਪਰਿਵਾਰ ਭਲਾਈ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਜਦਕਿ ਪਾਰਟੀ ਅਤੇ ਵਰਕਰਾਂ ਪ੍ਰਤੀ ਘੱਟ।
ਸਿਆਸੀ ਮਾਹਿਰ ਦਾ ਕਹਿਣਾ ਹੈ ਕਿ ਜੇਕਰ ਪਾਰਟੀਆਂ ਵੱਖ-ਵੱਖ ਤਰੀਕਿਆਂ ਨਾਲ ਪਰਿਵਾਰਵਾਦ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਇਸ ਦਾ ਅਸਰ ਇਹ ਹੋਵੇਗਾ ਕਿ ਸਿਆਸਤ ਵਿੱਚ ਹੋਰ ਲੋਕਾਂ ਦੀ ਦਿਲਚਸਪੀ ਘੱਟ ਜਾਵੇਗੀ। ਜੋ ਲੋਕਤੰਤਰ ਲਈ ਸਹੀ ਸੰਦੇਸ਼ ਨਹੀਂ ਜਾਵੇਗਾ।
ਮਹਿਲਾ ਉਮੀਦਵਾਰਾਂ ਦੀ ਚੋਣਾਂ ’ਚ ਭਾਗਦਾਰੀ ’ਤੇ ਸਿਆਸਤ ?
ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਯੂਪੀ ਵਿੱਚ ਨਾਅਰਾ ਦਿੱਤਾ ਕਿ ਲੜਕੀ ਹਾਂ ਲੜ ਸਕਦੀ ਹਾਂ ਇਸੇ ਤਹਿਤ ਉਨ੍ਹਾਂ ਨੇ ਯੂਪੀ ਵਿੱਚ 40 ਫੀਸਦੀ ਮਹਿਲਾਵਾਂ ਨੂੰ ਟਿਕਟਾਂ ਦੇਣ ਦਾ ਐਲਾਨ ਕੀਤਾ। ਪਰ ਪੰਜਾਬ 'ਚ ਪਾਰਟੀ 33 ਫੀਸਦੀ ਹਿੱਸੇਦਾਰੀ ਦੇ ਬਾਵਜੂਦ ਵੀ ਮਹਿਲਾ ਉਮੀਦਵਾਰ ਨਹੀਂ ਉਤਾਰ ਸਕੀ।
ਕਾਂਗਰਸ ਨੇ ਕਿੰਨ੍ਹੇ ਉਤਾਰੇ ਮਹਿਲਾ ਉਮੀਦਵਾਰ ?
ਇਸ ਵਾਰ ਪੰਜਾਬ 'ਚ ਕੁੱਲ ਵੋਟਰ 2.12 ਕਰੋੜ ਹਨ, ਜਿੰਨ੍ਹਾਂ 'ਚ ਮਹਿਲਾ ਵੋਟਰਾਂ ਦੀ ਗਿਣਤੀ ਇੱਕ ਕਰੋੜ 86 ਹਜ਼ਾਰ ਤੋਂ ਪਾਰ ਹੈ। ਯਾਨੀ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਮਹਿਲਾਵਾਂ ਦੀ ਵੱਡੀ ਭੂਮਿਕਾ ਹੈ ਪਰ ਫਿਰ ਵੀ ਪਾਰਟੀਆਂ ਉਸ ਨੂੰ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਬਣਾਉਣ ਤੋਂ ਕੰਨੀ ਕਤਰਾਉਂਦੀਆਂ ਨਜ਼ਰ ਆ ਰਹੀਆਂ ਹਨ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਕਾਂਗਰਸ ਨੇ ਹੁਣ ਤੱਕ 109 ਉਮੀਦਵਾਰਾਂ ਵਿੱਚੋਂ ਸਿਰਫ਼ 11 ਮਹਿਲਾ ਉਮੀਦਵਾਰ ਹੀ ਮੈਦਾਨ ਵਿੱਚ ਉਤਾਰੇ ਹਨ।
ਕਿਸ ਪਾਰਟੀ ਨੇ ਮਹਿਲਾਵਾਂ ’ਤੇ ਜਤਾਇਆ ਭਰੋਸਾ ?
ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 112 ਵਿੱਚੋਂ 12 ਮਹਿਲਾ ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਹੈ। ਜੋ ਕਿ ਕਿਸੇ ਵੀ ਪਾਰਟੀ ਦੀਆਂ ਮਹਿਲਾ ਉਮੀਦਵਾਰਾਂ ਦੀ ਸਭ ਤੋਂ ਵੱਧ ਗਿਣਤੀ ਹੈ। ਜਿੱਥੇ ਅਕਾਲੀ ਦਲ ਨੇ 4, ਕਿਸਾਨਾਂ ਦੀ ਸਿਆਸੀ ਪਾਰਟੀ ਸਾਂਝੇ ਮੋਰਚਾ ਨੇ ਹੁਣ ਤੱਕ ਸਿਰਫ਼ ਇੱਕ ਮਹਿਲਾ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਦੇ 65 ਵਿੱਚੋਂ 5 ਮਹਿਲਾ ਉਮੀਦਵਾਰ ਹਨ।
ਸਿਆਸਤ ਪਾਰਟੀਆਂ ਬਾਰੇ ਕੀ ਹੈ ਮਹਿਲਾ ਆਗੂਆਂ ਦੀ ਰਾਇ ?
ਔਰਤਾਂ ਦੀ ਭਾਗੀਦਾਰੀ ਬਾਰੇ ਆਲ ਇੰਡੀਆ ਆਂਗਣਵਾੜੀ ਯੂਨੀਅਨ ਪੰਜਾਬ ਦੀ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਹੈ ਕਿ ਪਾਰਟੀਆਂ ਔਰਤਾਂ ਨੂੰ ਲੁਭਾਉਣ ਲਈ ਵੱਡੇ-ਵੱਡੇ ਵਾਅਦੇ ਤਾਂ ਕਰਦੀਆਂ ਹਨ ਪਰ ਉਹ ਦੇਸ਼ ਦੀ ਇਸ ਅੱਧੀ ਆਬਾਦੀ ਨੂੰ 50 ਫੀਸਦੀ ਅਤੇ ਸੱਤਾ ਵਿੱਚ 10 ਫੀਸਦੀ ਹਿੱਸਾ ਬਣਾਉਣ ਤੋਂ ਕੰਨੀ ਕਤਰਾਉਂਦੀਆਂ ਹਨ, ਜਦੋਂ ਕਿ ਔਰਤਾਂ ਆਬਾਦੀ ਦੇ ਹਿਸਾਬ ਨਾਲ ਸੱਤਾ ਵਿਚ ਅਧਿਕਾਰ ਮਿਲਣਾ ਚਾਹੀਦਾ ਹੈ।
ਮਹਿਲਾ ਉਮੀਦਵਾਰਾਂ ਦਾ ਕੀ ਰਿਹਾ ਹੈ ਇਤਿਹਾਸ ?
ਸਾਲ 2012 ਵਿੱਚ ਸਭ ਤੋਂ ਵੱਧ 14 ਮਹਿਲਾ ਵਿਧਾਇਕਾਂ ਪੰਜਾਬ ਵਿਧਾਨ ਸਭਾ ਵਿੱਚ ਆਈਆਂ। ਉਸ ਸਮੇਂ ਸਭ ਤੋਂ ਵੱਧ 93 ਮਹਿਲਾ ਉਮੀਦਵਾਰਾਂ ਨੇ ਚੋਣ ਲੜੀ ਸੀ। ਜਿੰਨ੍ਹਾਂ ਵਿੱਚੋਂ ਕਾਂਗਰਸ ਦੀਆਂ 6, ਅਕਾਲੀ ਦਲ ਦੀਆਂ 6 ਅਤੇ ਭਾਜਪਾ ਦੀਆਂ 2 ਮਹਿਲਾ ਉਮੀਦਵਾਰ ਜੇਤੂ ਰਹੀਆਂ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦਾ ਕੋਈ ਵੀ ਮਹਿਲਾ ਉਮੀਦਵਾਰ ਨਹੀਂ ਜਿੱਤਿਆ ਸੀ ਜਦਕਿ 81 ਮਹਿਲਾ ਉਮੀਦਵਾਰਾਂ ਨੇ ਚੋਣ ਲੜੀ ਸੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਟੀਮ ਨੇ 3-3 ਮਹਿਲਾ ਉਮੀਦਵਾਰਾਂ ਨਾਲ ਚੋਣ ਜਿੱਤੀ।
ਸਾਲ 2007 ਵਿੱਚ ਵਿਧਾਨ ਸਭਾ ਚੋਣਾਂ ਵਿੱਚ 56 ਔਰਤਾਂ ਨੇ ਚੋਣ ਲੜੀ ਸੀ ਜਿੰਨ੍ਹਾਂ ਵਿੱਚੋਂ ਕਾਂਗਰਸ ਦੀਆਂ ਚਾਰ, ਅਕਾਲੀ ਦਲ ਦੀ ਦੋ ਅਤੇ ਭਾਜਪਾ ਦੀ ਇੱਕ ਮਹਿਲਾ ਵਿਧਾਇਕ ਬਣੀ। ਸਾਲ 2002 ਵਿੱਚ 71 ਮਹਿਲਾ ਉਮੀਦਵਾਰਾਂ ਨੇ ਚੋਣ ਲੜੀ ਸੀ। ਜਿੰਨ੍ਹਾਂ ਵਿੱਚੋਂ ਕਾਂਗਰਸ ਦੀਆਂ ਤਿੰਨ ਅਤੇ ਅਕਾਲੀ ਦਲ ਦੀਆਂ ਤਿੰਨ ਮਹਿਲਾ ਵਿਧਾਇਕ ਚੁਣੀਆਂ ਗੀਆਂ ਸਨ।
1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਉਸ ਦੌਰਾਨ 22 ਮਹਿਲਾਵਾਂ ਨੇ ਚੋਣ ਲੜੀ ਸੀ। ਜਿੰਨ੍ਹਾਂ ਵਿੱਚੋਂ ਚਾਰ ਕਾਂਗਰਸ ਅਤੇ ਇੱਕ ਸੀਪੀਆਈ ਅਤੇ ਇੱਕ ਭਾਜਪਾ ਦੀ ਮਹਿਲਾ ਉਮੀਦਵਾਰ ਜੇਤੂ ਰਹੀ। 1985 ਵਿੱਚ 33 ਔਰਤਾਂ ਚੋਣ ਮੈਦਾਨ ਵਿੱਚ ਉਤਰੀਆਂ ਸਨ ਜਿਸ ਵਿੱਚੋਂ ਤਿੰਨ ਕਾਂਗਰਸ ਅਤੇ ਇੱਕ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਜੇਤੂ ਰਹੀ ਸੀ।
1980 ਵਿੱਚ 19 ਮਹਿਲਾ ਉਮੀਦਵਾਰਾਂ ਨੇ ਚੋਣ ਲੜੀ ਸੀ। ਕਾਂਗਰਸ ਦੇ ਚਾਰ ਅਤੇ ਅਕਾਲੀ ਦਲ ਦੇ ਦੋ ਵਿਧਾਇਕ ਹਨ। 1977 ਵਿੱਚ 18 ਮਹਿਲਾ ਉਮੀਦਵਾਰਾਂ ਨੇ ਵਿਧਾਨ ਸਭਾ ਚੋਣ ਲੜੀ ਸੀ। ਅਕਾਲੀ ਦਲ ਤੋਂ 3 ਮਹਿਲਾ ਉਮੀਦਵਾਰਾਂ ਨੇ ਚੋਣ ਜਿੱਤੀ ਸੀ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਹੁਣ ਤੱਕ ਸਭ ਤੋਂ ਵੱਧ 30 ਮਹਿਲਾ ਵਿਧਾਇਕ ਬਣਾਏ ਗਏ ਹਨ। ਜਦਕਿ ਅਕਾਲੀ ਦਲ ਦੇ 21, ਭਾਜਪਾ ਦੇ 6, ਆਮ ਆਦਮੀ ਪਾਰਟੀ ਦੇ ਤਿੰਨ ਅਤੇ ਸੀ.ਪੀ.ਆਈ. ਦੀ ਇੱਕ ਵਿਧਾਇਕ ਬਣੀ।
ਇਹ ਵੀ ਪੜ੍ਹੋ: ਪੰਜਾਬ 'ਚ ਸੱਤਾ ਲਈ ਡਿਜੀਟਲ ਜੰਗ