ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਅਕਾਲ ਚਲਾਣਾ ਕਰ ਗਏ ਦਲੀਪ ਕੌਰ ਟਿਵਾਣਾ, ਜਸਵੰਤ ਕੰਵਲ, ਲੋਕ ਗਾਇਕਾ ਲਾਚੀ ਬਾਵਾ ਦੇ ਨਾਲ-ਨਾਲ ਲੌਂਗੋਵਾਲ ਬੱਸ ਹਾਦਸੇ 'ਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਤਰਨ ਤਾਰਨ ਧਮਾਕਾ ਹਾਦਸੇ 'ਚ ਮਾਰੇ ਗਏ ਸ਼ਰਧਾਲੂਆਂ ਨੂੰ ਵੀ ਯਾਦ ਕੀਤਾ ਗਿਆ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਬਿਜਲੀ ਘੁਟਾਲੇ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਸੂਬਾ ਸਰਕਾਰ ਨੇ ਜਨਤਾ 'ਤੇ ਬਿਜਲੀ ਦਾ ਵਾਧੂ ਭਾਰ ਪਾਇਆ ਹੈ।
ਪੰਜਾਬ ਦਾ ਬਜਟ ਇਜਲਾਸ 20 ਫਰਵਰੀ ਨੂੰ ਸ਼ੁਰੂ ਹੋ ਗਿਆ ਹੈ। ਪਹਿਲਾਂ ਇਹ ਇਜਲਾਸ 28 ਫਰਵਰੀ ਤੱਕ ਚਲਣਾ ਸੀ ਪਰ ਹੁਣ ਇਸ ਦੀ ਸਮਾਂ ਹੱਦ ਵਧਾ ਕੇ 4 ਮਾਰਚ ਕਰ ਦਿੱਤੀ ਗਈ ਹੈ।
ਪੰਜਾਬ ਦਾ ਬਜਟ ਜੋ ਕਿ ਪਹਿਲਾਂ 25 ਫਰਵਰੀ ਨੂੰ ਪੇਸ਼ ਕੀਤਾ ਜਾਣਾ ਸੀ, ਹੁਣ 28 ਫਰਵਰੀ ਨੂੰ ਹੋਵੇਗਾ।