ਵਾਸ਼ਿੰਗਟਨ: ਚੋਣ ਜਿੱਤਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਕਈ ਲੋਕਾਂ 'ਤੇ ਭਰੋਸਾ ਜਤਾਇਆ ਹੈ। ਇਸ ਲੜੀ ਵਿੱਚ ਟਰੰਪ ਨੇ ਆਪਣੀ ਟੀਮ ਵਿੱਚ ਭਾਰਤੀ ਮੂਲ ਦੇ ਇੱਕ ਹੋਰ ਵਿਅਕਤੀ ਨੂੰ ਜਗ੍ਹਾ ਦਿੱਤੀ ਹੈ। ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਸਾਬਕਾ ਪੱਤਰਕਾਰ ਕੁਸ਼ ਦੇਸਾਈ ਨੂੰ ਆਪਣਾ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਹੈ।
ਦੱਸ ਦਈਏ ਕਿ ਦੇਸਾਈ ਇਸ ਤੋਂ ਪਹਿਲਾਂ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਲਈ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ ਅਤੇ ਆਇਓਵਾ ਰਿਪਬਲਿਕਨ ਪਾਰਟੀ ਦੇ ਕਮਿਊਨੀਕੇਸ਼ਨ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਰਹੇ ਸਨ। ਦੇਸਾਈ ਰਿਪਬਲਿਕਨ ਨੈਸ਼ਨਲ ਕਮੇਟੀ ਵਿੱਚ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ (ਪੈਨਸਿਲਵੇਨੀਆ) ਵੀ ਰਹਿ ਚੁੱਕੇ ਹਨ। ਇਹ ਐਲਾਨ ਵ੍ਹਾਈਟ ਹਾਊਸ ਵੱਲੋਂ ਕੀਤਾ ਗਿਆ ਹੈ।
ਇਸ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਪੈਨਸਿਲਵੇਨੀਆ ਵਿੱਚ ਪ੍ਰਮੁੱਖ ਬੈਟਲਗ੍ਰਾਊਂਡ ਸਟੇਟਸ 'ਚ ਸੰਦੇਸ਼ ਅਤੇ ਬਿਰਤਾਂਤ ਨੂੰ ਸਥਾਪਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਉਥੇ ਹੀ ਟਰੰਪ ਨੇ ਸਾਰੇ ਸੱਤ ਬੈਟਲਗ੍ਰਾਊਂਡ ਸਟੇਟਸ 'ਚ ਜਿੱਤ ਹਾਸਲ ਕੀਤੀ ਸੀ।
ਉਥੇ ਹੀ ਟਰੰਪ ਨੇ ਇਸ ਤੋਂ ਪਹਿਲਾਂ ਸਟੀਵਨ ਚਿਊਂਗ ਨੂੰ ਆਪਣਾ ਸਕੱਤਰ ਅਤੇ ਵ੍ਹਾਈਟ ਹਾਊਸ ਕਮਿਊਨੀਕੇਸ਼ਨ ਡਾਇਰੈਕਟਰ ਨਿਯੁਕਤ ਕੀਤਾ ਸੀ। ਕੈਰੋਲਿਨ ਲੇਵਿਟ ਨੂੰ ਸਕੱਤਰ ਅਤੇ ਪ੍ਰੈਸ ਸਕੱਤਰ ਵਜੋਂ ਵੀ ਨਿਯੁਕਤ ਕੀਤਾ ਗਿਆ ਸੀ। ਦੱਸ ਦੇਈਏ ਕਿ ਵ੍ਹਾਈਟ ਹਾਊਸ ਦੇ ਕਮਿਊਨੀਕੇਸ਼ਨ ਦਫਤਰ ਦੀ ਨਿਗਰਾਨੀ ਵ੍ਹਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਅਤੇ ਕੈਬਨਿਟ ਸਕੱਤਰ ਟੇਲਰ ਬੁਡੋਵਿਚ ਕਰਨਗੇ।
ਡੋਨਾਲਡ ਟਰੰਪ ਦੀ ਕੈਬਨਿਟ ਵਿਚ ਭਾਰਤੀ
- ਕਸ਼ ਪਟੇਲ- ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਕਸ਼ ਪਟੇਲ ਨੂੰ ਅਮਰੀਕਾ ਦਾ ਨਵਾਂ ਐਫਬੀਆਈ ਮੁਖੀ ਨਿਯੁਕਤ ਕੀਤਾ ਹੈ।
- ਵਿਵੇਕ ਰਾਮਾਸਵਾਮੀ— ਰਾਸ਼ਟਰਪਤੀ ਟਰੰਪ ਨੇ ਵਿਵੇਕ ਰਾਮਾਸਵਾਮੀ ਨੂੰ ਨਵੇਂ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ (DOGI) ਲਈ ਚੁਣਿਆ ਹੈ। ਰਾਮਾਸਵਾਮੀ ਦਾ ਕੰਮ ਸਰਕਾਰ ਨੂੰ ਸਲਾਹ ਦੇਣਾ ਹੋਵੇਗਾ।
- ਜੈ ਭੱਟਾਚਾਰੀਆ— ਡੋਨਾਲਡ ਟਰੰਪ ਨੇ ਜੈ ਭੱਟਾਚਾਰੀਆ ਨੂੰ ਨੈਸ਼ਨਲ ਇੰਸਟੀਚਿਊਟ ਆਫ ਹੈਲਥ (ਐੱਨ.ਆਈ.ਐੱਚ.) ਦਾ ਡਾਇਰੈਕਟਰ ਨਿਯੁਕਤ ਕੀਤਾ ਹੈ।
- ਤੁਲਸੀ ਗਬਾਰਡ- ਡੋਨਾਲਡ ਟਰੰਪ ਨੇ ਤੁਲਸੀ ਗਬਾਰਡ ਨੂੰ ਨੈਸ਼ਨਲ ਇੰਟੈਲੀਜੈਂਸ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਉਹ ਹਾਲ ਹੀ ਵਿੱਚ ਡੈਮੋਕ੍ਰੇਟਿਕ ਪਾਰਟੀ ਛੱਡ ਕੇ ਰਿਪਬਲਿਕਨ ਪਾਰਟੀ ਵਿੱਚ ਸ਼ਾਮਲ ਹੋਈ ਸੀ।
- ਹਰਮੀਤ ਕੇ ਢਿੱਲੋਂ - ਡੋਨਾਲਡ ਟਰੰਪ ਨੇ ਢਿੱਲੋਂ ਨੂੰ ਨਿਆਂ ਵਿਭਾਗ ਵਿਖੇ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ।