ਲੁਧਿਆਣਾ: ਬੁੱਢੇ ਨਾਲੇ 'ਤੇ ਸਥਿਤ ਗੁਰਦੁਆਰਾ ਗਊਘਾਟ ਨੇੜੇ ਬਣਾਏ ਗਏ ਨਵੇਂ ਪੰਪਿੰਗ ਸਟੇਸ਼ਨ ਦਾ ਵਿਸ਼ੇਸ਼ ਤੌਰ 'ਤੇ ਪਹਿਲਾਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੌਰਾ ਕਰਨ ਪਹੁੰਚੇ ਅਤੇ ਉਸ ਤੋਂ ਬਾਅਦ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਬੁੱਢੇ ਦਰਿਆ ਦਾ ਉਹਨਾਂ ਨੇ ਜਾਇਜ਼ਾ ਲਿਆ ਅਤੇ ਉੱਥੋਂ ਦੇ ਹਾਲਾਤਾਂ ਨੂੰ ਲੈ ਕੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਗਲੀਆਂ ਬਰਸਾਤਾਂ ਤੱਕ ਇਹ ਸਾਰੇ ਕੰਮ ਮੁਕੰਮਲ ਹੋ ਜਾਣਗੇ ਅਤੇ ਬੁੱਢਾ ਦਰਿਆ ਸਾਫ ਹੋਵੇਗਾ ।
ਮੀਟਿੰਗਾਂ ਦਾ ਦੌਰ
ਗਵਰਨਰ ਨੇ ਕਿਹਾ ਕਿ ਇੱਥੇ ਖੁਦ ਰਾਜਸਭਾ ਮੈਂਬਰ ਵੱਲੋਂ ਉਤਸਾਹਿਤ ਹੋ ਕੇ ਕੰਮ ਕੀਤਾ ਗਿਆ ਤੇ ਸਾਨੂੰ ਉਮੀਦ ਹੈ ਕਿ ਹੁਣ ਹੌਲੀ ਹੌਲੀ ਕੰਮ ਪੂਰਾ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਇਸ ਸਬੰਧੀ ਮੀਟਿੰਗਾਂ ਵੀ ਕਰ ਰਹੇ ਹਾਂ ਅਤੇ ਹੁਣ ਬੁੱਢੇ ਦਰਿਆ ਦੇ ਕੰਢੇ 'ਤੇ ਹੀ ਸਾਂਸਦਾਂ ਅਤੇ ਵਿਧਾਇਕਾਂ ਦੇ ਨਾਲ ਮੀਟਿੰਗ ਹੋਣਗੀਆਂ। ਗਵਰਨਰ ਨੇ ਕਿਹਾ ਕਿ ਬੁੱਢਾ ਨਾਲ ਸਾਫ਼ ਹੋਣ ਨਾਲ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਮਿਲੇਗਾ।
ਸ਼ਲਾਘਾ ਯੋਗ ਕੰਮ
ਉਧਰ ਇਸ ਮੌਕੇ ਪਹੁੰਚੇ ਕੈਬਨਿਟ ਮੰਤਰੀ ਵੱਲੋਂ ਕਿਹਾ ਗਿਆ ਕਿ ਇਸ ਕੰਮ 'ਚ ਜਿਹੜੇ ਅਧਿਕਾਰੀਆਂ ਨੇ ਅਣਗਹਿਲੀ ਕੀਤੀ ਉਨ੍ਹਾਂ ਖਿਲਾਫ਼ ਵੀ ਕਾਰਵਾਈ ਹੋਵੇਗੀ।ਇਸ ਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਬੱੁਢੇ ਨਾਲੇ ਦੀ ਸਫ਼ਾਈ ਲਈ ਆਇਆ ਪੈਸਾ ਕਿੱਥੇ ਖ਼ਰਚਾਇਆ ਗਿਆ, ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕੁਝ ਹੱਦ ਤੱਕ ਕੰਮ ਮੁਕੰਮਲ ਹੋਇਆ ਹੈ ਅਤੇ ਬੁੱਢੇ ਨਾਲੇ ਨੂੰ ਸਾਫ ਕਰਨ ਦੇ ਯਤਨ ਜਾਰੀ ਹਨ।