ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਚਰਨਜੀਤ ਚੰਨੀ ਹੱਥ ਸੂਬੇ ਦੀ ਕਮਾਨ ਕਾਂਗਰਸ ਹਾਈਕਮਾਨ ਵਲੋਂ ਸੌਂਪੀ ਗਈ। ਇਸ ਦੇ ਚੱਲਦਿਆਂ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਸਰਕਾਰ 'ਚ ਪ੍ਰਸ਼ਾਸਨਿਕ ਫੇਰਬਦਲ ਲਗਾਤਾਰ ਜਾਰੀ ਹੈ। ਜਿਸ ਦੇ ਚੱਲਦਿਆਂ ਅਨੁਲ ਨੰਦਾ ਵਲੋਂ ਐਡਵੋਕੇਟ ਜਨਰਲ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।
ਇਸ ਵਿਚਾਲੇ ਹੁਣ ਸੂਤਰਾਂ ਅਨੁਸਾਰ ਅੱਜ ਪੰਜਾਬ ਸਰਕਾਰ ਨੇ ਸੀਨੀਅਰ ਐਡਵੋਕੇਟ ਏ.ਪੀ.ਐਸ ਦਿਓਲ ਨੂੰ ਪੰਜਾਬ ਦਾ ਐਡਵੋਕੇਟ ਜਰਨਲ ਲਗਾਉਣ ਦੀ ਮਨਜ਼ੂਰੀ ਮਿਲ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਐਡਵੋਕੇਟ ਏ.ਪੀ.ਐਸ ਦਿਓਲ ਨੂੰ ਐਡਵੋਕੇਟ ਜਨਰਲ ਲਗਾਉਣ ਲਈ ਫਾਇਲ ਰਾਜਪਾਲ ਨੂੰ ਭੇਜ ਦਿੱਤੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ 'ਚ ਐਡਵੋਕੇਟ ਜਨਰਲ ਲਗਾਉਣ ਲਈ ਇਹ ਤੀਜਾ ਨਾਮ ਨਿਕਲ ਕੇ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਡੀ.ਐਸ ਪਟਵਾਲੀਆ ਅਤੇ ਫਿਰ ਅਨਮੋਲ ਰਤਨ ਸਿੱਧੂ ਦੇ ਨਾਮ ਦੀਆਂ ਚਰਚਾਵਾਂ ਵੀ ਇਸ ਤੋਂ ਪਹਿਲਾਂ ਚਲ ਰਹੀਆਂ ਸੀ। ਇਸ ਦੇ ਨਾਲ ਹੀ ਇਹ ਵੀ ਪਤਾ ਲਿੱਗਿਆ ਹੈ ਕਿ ਕਾਂਗਰਸ ਦੇ ਕੁਝ ਮੰਤਰੀਆਂ ਦੀ ਦਖ਼ਲਅੰਦਾਜ਼ੀ ਕਾਰਨ ਹੀ ਨਵੇਂ ਐਡਵੋਕੇਟ ਜਨਰਲ ਦੇ ਨਾਮ 'ਤੇ ਹੁਣ ਤੱਕ ਮੋਹਰ ਨਹੀਂ ਲੱਗ ਸਕੀ।
ਇਹ ਵੀ ਪੜ੍ਹੋ:ਚੰਨੀ ਦੀ ਸ਼ਾਇਰੀ ਅਤੇ ਭੰਗੜਾ ਤਾਂ ਕੈਪਟਨ ਗਾ ਰਹੇ ਗੀਤ, ਪਰ ਪੰਜਾਬ ਨੂੰ ਸੁਨੇਹਾ ਕੀ ?
ਗੌਰਤਲਬ ਹੈ ਕਿ ਬੇਅਦਬੀ ਮਾਮਲੇ ਵਿੱਚ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਸਾਬਕਾ ਆਈ.ਜੀ. ਪਰਮਰਾਜ ਉਮਰਾਨੰਗਲ ਦੇ ਮਾਮਲਿਆਂ ਵਿੱਚ ਏ.ਪੀ.ਐਸ. ਦਿਓਲ ਵਕੀਲ ਵਜੋਂ ਪੈਰਵਾਈ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਸਰਕਾਰ ਵਲੋਂ ਗੋਲੀਕਾਂਡ 'ਚ ਨਾਮਜ਼ਦ ਸੈਣੀ ਨੂੰ ਗ੍ਰਿਫ਼ਤਾਰ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਸੁਪਰੀਮ ਕੋਰਟ ਤੱਕ ਪਹੁੰਚ ਵੀ ਕੀਤੀ ਜਾ ਰਹੀ ਹੈ।
ਹੁਣ ਅਜਿਹੇ 'ਚ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਏ.ਪੀ.ਐਸ. ਦਿਓਲ ਜੋ ਹਮੇਸ਼ਾ ਹੀ ਸਰਕਾਰ ਖਿਲਾਫ਼ ਕੇਸ ਲੜਦੇ ਆਏ ਹਨ ਅਤੇ ਸੁਮੇਧ ਸੈਣੀ ਦੇ ਕੇਸ ਦੀ ਪੈਰਵੀ ਕਰਦੇ ਆਏ ਹਨ, ਹੁਣ ਜੇਕਰ ਉਨ੍ਹਾਂ ਨੂੰ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਹ ਸੁਮੇਧ ਸੈਣੀ ਦੇ ਕੇਸ ਦੀ ਪੈਰਵੀ ਕਿਵੇਂ ਕਰ ਸਕਦੇ ਹਨ।
ਇਹ ਵੀ ਪੜ੍ਹੋ:ਅੱਜ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਥਾਰ, ਜਾਣੋ ਕੌਣ-ਕੋਣ ਹੋਵੇਗਾ ਚੰਨੀ ਦੀ ਟੀਮ 'ਚ ਸ਼ਾਮਿਲ?