ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਮੰਗਲਵਾਰ ਨੂੰ ਹੋਣ ਵਾਲੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਚੇਅਰਮੈਨ ਵੱਲੋਂ ਕੁੱਝ ਸੰਸਥਾਵਾਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਮੁੱਖ ਰੱਖਦਿਆਂ ਇਹ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ਦਫ਼ਤਰ ਆਮ ਦਿਨਾਂ ਵਾਗ ਹੀ ਖੁੱਲ੍ਹੇ ਰਹਿਣਗੇ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਤੁਗਲਕਾਬਾਦ ਵਿੱਚ ਸ੍ਰੀ ਗੁਰੂ ਰਵਿਦਾਸ ਮੰਦਿਰ ਨੂੰ ਤੋੜੇ ਜਾਣ ਤੋਂ ਬਾਅਦ ਰਵਿਦਾਸ ਭਾਈਚਾਰੇ ਨੇ ਮੰਗਲਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਦਲਿਤ ਭਾਈਚਾਰੇ ਵੱਲੋਂ ਲਗਾਤਾਰ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।