ਚੰਡੀਗੜ੍ਹ: ਲੁਧਿਆਣਾ ਦੀ ਔਰਤ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਲਗਾਏ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਇਸ ਕੇਸ ਵਿੱਚ ਇਲਜ਼ਾਮ ਲਾਉਣ ਵਾਲੀ ਔਰਤ ਨੂੰ ਪੁਲੀਸ ਸੁਰੱਖਿਆ ਮੁਹੱਈਆ ਕਰਾਉਣ ਤੇ ਕੇਸ ਦੀ ਸਮਾਂਬੱਧ ਜਾਂਚ ਕਰਾਉਣ ਦੀ ਮੰਗ ਕੀਤੀ।
ਪੀੜਤਾ ਨੂੰ ਮਿਲੇ ਸਮਾਂਬੱਧ ਇਨਸਾਫ਼
ਇਸ ਮੌਕੇ 'ਆਪ' ਵਿਧਾਇਕ ਨੇ ਕਿਹਾ ਕਿ ਪੰਜਾਬ ਵਿੱਚ ਦਿਨੋਂ-ਦਿਨ ਵੱਧ ਰਹੇ ਔਰਤਾਂ ਪ੍ਰਤੀ ਅੱਤਿਆਚਾਰ ਦੇ ਸੰਗੀਨ ਮੁੱਦੇ ਵੱਲ ਦਿਵਾਉਣਾ ਸਮੇਂ ਦੀ ਮੰਗ ਹੈ ਅਤੇ ਅਜਿਹੇ ਕੇਸਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। "ਲੁਧਿਆਣਾ ਦੀ ਇੱਕ ਔਰਤ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਮਾਮਲੇ ਦੀਆਂ ਖ਼ਬਰਾਂ ਸਾਰੇ ਅਖ਼ਬਾਰਾਂ ਚੈਨਲਾਂ 'ਤੇ ਪ੍ਰਮੁੱਖਤਾ ਨਾਲ ਚੱਲ ਰਹੀਆਂ ਹਨ। ਇਸ ਵਿੱਚ ਪੀੜਤ ਔਰਤ ਖ਼ੁਦ ਮੀਡੀਆ ਦੇ ਸਾਹਮਣੇ ਆ ਕੇ ਸਿਆਸੀ ਆਗੂ ਉੱਤੇ ਸਿੱਧੇ ਇਲਜ਼ਾਮ ਲਗਾ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਪੀੜਤ ਔਰਤ ਨੂੰ ਇਨਸਾਫ਼ ਦਿਵਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ ਅਤੇ ਆਪ ਜੀ ਮਹਿਲਾ ਕਮਿਸ਼ਨ ਦੇ ਮੁੱਖੀ ਹੋਣ ਨਾਤੇ ਇਸ ਵਿੱਚ ਵੱਡੀ ਭੂਮਿਕਾ ਅਦਾ ਕਰ ਸਕਦੇ ਹੋ।
ਇਸ ਤੋਂ ਬਿਨਾਂ ਲੁਧਿਆਣਾ ਪੁਲੀਸ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਕਿਉਂ ਜੋ ਸਿਮਰਜੀਤ ਸਿੰਘ ਬੈਂਸ ਇੱਕ ਸ਼ਕਤੀਸ਼ਾਲੀ ਆਗੂ ਅਤੇ ਸਰਕਾਰ ਦਰਬਾਰ ਵਿੱਚ ਚੰਗਾ ਰਸੂਖ਼ ਰੱਖਦੇ ਹਨ। ਜਿੰਨਾ ਚਿਰ ਇਸ ਕੇਸ ਵਿੱਚ ਕੋਈ ਕਾਰਵਾਈ ਨਹੀਂ ਹੋ ਜਾਂਦੀ ਉਸ ਉਹਨਾ ਚਿਰ ਪੀੜਤ ਔਰਤ ਨੂੰ ਪੁਲਿਸ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ।''
ਔਰਤਾਂ ਖ਼ਿਲਾਫ਼ ਹੋ ਰਹੇ ਅਪਰਾਧਾਂ ਦੇ ਮਾਮਲੇ ਵਿੱਚ ਗੰਭੀਰ ਹੋਵੇ ਕੈਪਟਨ ਸਰਕਾਰ
ਮਾਣੂੰਕੇ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਔਰਤਾਂ ਅਤੇ ਖ਼ਾਸ ਤੌਰ 'ਤੇ ਛੋਟੀ ਉਮਰ ਦੀਆਂ ਬੱਚੀਆਂ ਨਾਲ ਵਾਪਰੀਆਂ ਘਟਨਾਵਾਂ ਦਿਲ ਕੰਬਾਊ ਹਨ ਅਤੇ ਇਨ੍ਹਾਂ ਵੱਲ ਖ਼ਾਸ ਧਿਆਨ ਦੇਣਾ ਸਮੇਂ ਦੀ ਮੁੱਖ ਮੰਗ ਹੈ। ਅਕਤੂਬਰ ਮਹੀਨੇ ਵਿਚ ਬਰਨਾਲਾ ਦੇ ਦਾਨਗੜ ਪਿੰਡ ਵਿੱਚ 4 ਸਾਲ ਦੀ ਬੱਚੀ ਨਾਲ ਹੋਏ ਅਤਿ ਨਿੰਦਣਯੋਗ ਕਾਰੇ, 26 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਜਲਾਲਪੁਰ ਪਿੰਡ ਵਿੱਚ 6 ਸਾਲ ਦੀ ਬੱਚੀ ਨਾਲ ਹੋਏ ਕੁਕਰਮ ਅਤੇ 26 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਨੜੂ ਨੰਗਲ ਵਿੱਚ 5 ਸਾਲ ਦੀ ਬੱਚੀ ਨਾਲ ਹੋਏ ਕੁਕਰਮ ਦੀਆਂ ਘਟਨਾਵਾਂ ਨਾਲ ਔਰਤਾਂ ਦੀ ਸੁਰੱਖਿਆ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਹੈ। ਰਿਪੋਰਟਾਂ ਅਨੁਸਾਰ ਫਰਵਰੀ 2020 ਤੋ ਅਪ੍ਰੈਲ 2020 ਤਕ ਪੰਜਾਬ ਵਿਚ ਘਰੇਲੂ ਹਿੰਸਾ ਦੇ ਕੇਸਾਂ ਵਿੱਚ 31% ਦਾ ਵਾਧਾ ਹੋਇਆ ਹੈ। ਇਸੇ ਤਰਾਂ ਮਾਰਚ 2020 ਤੋਂ ਅਪ੍ਰੈਲ 2020 ਤਕ ਔਰਤਾਂ ਵੱਲੋਂ ਹੈਲਪਲਾਈਨ ਨੰਬਰ ਉੱਤੇ ਕੀਤੀਆਂ ਕਾਲਾਂ ਵਿੱਚ 34% ਦਾ ਵਾਧਾ ਹੋਇਆ ਹੈ।