ਚੰਡੀਗੜ੍ਹ: ਪਾਵਰ ਪਰਚੇਜ਼ ਐਗਰੀਮੈਂਟ ਖਤਮ ਕਰਵਾਉਣ ਨੂੰ ਲੈ ਕੇ ਜਿਥੇ ਨਵਜੋਤ ਸਿੰਘ ਸਿੱਧੂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਨਿਸ਼ਾਨੇ ਸਾਧ ਰਹੇ ਤਾਂ ਉਥੇ ਹੀ ਹੁਣ ਆਰਟੀਆਈ ਰਾਹੀਂ ਖੁਲਾਸਾ ਹੋਇਆ ਹੈ ਕਿ ਲਾਰਸਨ ਐਂਡ ਟਰਬੋ ਕੰਪਨੀ ਵੱਲੋਂ ਸਾਢੇ ਅੱਠ ਕਰੋੜ ਰੁਪਏ ਕਾਂਗਰਸ ਪਾਰਟੀ ਨੂੰ ਫੰਡ ਦਿੱਤਾ ਗਿਆ ਜਦਕਿ ਵੇਦਾਂਤਾ ਕੰਪਨੀ ਵੱਲੋਂ 7 ਕਰੋੜ ਰੁਪਏ ਅਤੇ ਜੀਵੀਕੇ ਵੱਲੋਂ 10 ਲੱਖ ਰੁਪਏ ਫੰਡ ਦਿੱਤਾ ਗਿਆ।
ਇਹ ਵੀ ਪੜੋ: RTI 'ਚ ਖੁਲਾਸਾ: ਤਿੰਨ ਨਿੱਜੀ ਥਰਮਲਾਂ ਵੱਲੋਂ ਕਾਂਗਰਸ ਨੂੰ ਦਿੱਤਾ ਕਰੋੜਾਂ ਦਾ ਫੰਡ
ਦੱਸ ਦੇਈਏ ਕਿ ਇਹ ਤਿੰਨਾਂ ਕੰਪਨੀਆਂ ਵੱਲੋਂ ਤਲਵੰਡੀ ਸਾਬੋ, ਰਾਜਪੁਰਾ ਅਤੇ ਗੋਇੰਦਵਾਲ ਸਾਹਿਬ ਵਿਖੇ ਨਿਜੀ ਥਰਮਲ ਪਲਾਂਟ ਲਗਾਏ ਗਏ ਹਨ।
ਸਿੱਧੂ ਹੁਣ ਕਰਨ ਟਵੀਟ
ਇਸ ਮੁੱਦੇ ਨੂੰ ਲੈ ਕੇ ਕਸੂਤੀ ਘਿਰੀ ਕਾਂਗਰਸ ਸਰਕਾਰ ਉਪਰ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਤੇ ਕਿਹਾ ਕਿ ਅਰਵਿੰਦ ਕੇਜਰੀਵਾਲ ਉੱਪਰ ਟਵੀਟ ਕਰ ਨਿਸ਼ਾਨਾ ਸਾਧਣ ਵਾਲੇ ਕਾਂਗਰਸ ਪਾਰਟੀ ਨੂੰ ਫੰਡ ਕਰੋੜਾਂ ਰੁਪਏ ਦੇਣ ਵਾਲੇ ਨਿਜੀ ਥਰਮਲ ਪਲਾਂਟ ਕੰਪਨੀਆਂ ਖ਼ਿਲਾਫ਼ ਵੀ ਟਵੀਟ ਕਰਨ।
ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਸਾਧਦੇ ਕਿਹਾ ਕਿ ਹੁਣ ਨਵਜੋਤ ਸਿੰਘ ਸਿੱਧੂ ਟਵੀਟ ਕਰਨਗੇ, ਪਰ ਜੇਕਰ ਉਹ ਪੰਜਾਬ ਲਈ ਇੰਨਾ ਹੀ ਫ਼ਿਕਰਮੰਦ ਹਨ ਤਾਂ ਉਨ੍ਹਾਂ ਨੂੰ ਨਿਜੀ ਥਰਮਲ ਪਲਾਂਟ ਕੰਪਨੀਆਂ ਵਾਲਿਆਂ ਖ਼ਿਲਾਫ਼ ਵੀ ਘੱਟੋ-ਘੱਟ ਇੱਕ ਟਵੀਟ ਜ਼ਰੂਰ ਕਰਨਾ ਚਾਹੀਦਾ ਹੈ।
ਸੀਬੀਆਈ ਹੋਵੇ ਜਾਂਚ
ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਜੋ ਕਰੋੜਾਂ ਰੁਪਏ ਦਾ ਚੰਦਾ ਦਿੱਤਾ ਗਿਆ ਹੈ ਉਸਦੇ ਬਦਲੇ ਕਈ ਫ਼ਾਇਦੇ ਨਿਜੀ ਥਰਮਲ ਪਲਾਂਟ ਕੰਪਨੀਆਂ ਨੂੰ ਦਿੱਤੇ ਗਏ ਹਨ ਅਤੇ ਜੋ ਕਰੋੜਾਂ ਰੁਪਏ ਦੀ ਗੱਲ ਹੋ ਰਹੀ ਹੈ ਉਹ ਸਿਰਫ਼ ਚੈੱਕ ਰਾਹੀਂ ਦਿੱਤੇ ਗਏ ਹਨ ਇਸ ਤੋਂ ਇਲਾਵਾ ਹੋਰ ਕਈ ਕਰੋੜਾਂ ਰੁਪਏ ਵੀ ਕਾਂਗਰਸ ਵੱਲੋਂ ਲਏ ਗਏ ਹਨ ਜਿਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।
ਉਥੇ ਹੀ ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਘੁਟਾਲਿਆ ਦੀ ਸਰਕਾਰ ਹੈ ਤੇ ਇਹਨਾਂ ਨੇ ਹੁਣ ਤਕ ਘੁਟਾਲੇ ਹੀ ਕੀਤੇ ਹਨ।
ਹਾਲਾਂਕਿ ਇਸ ਦੌਰਾਨ ਜਦੋਂ ਪਾਇਲ ਤੋਂ ਕਾਂਗਰਸ ਵਿਧਾਇਕ ਲਖਵੀਰ ਸਿੰਘ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦਾ ਜਵਾਬ ਤਾਂ ਕਾਂਗਰਸ ਹਾਈਕਮਾਨ ਦੇ ਸਕਦੀ ਹੈ ਪਰ ਸੂਬੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਖੀ ਹਨ ਅਤੇ ਉਹ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕਰਨ ਲਈ ਕਾਨੂੰਨੀ ਮਾਹਿਰਾਂ ਦੀ ਸਲਾਹ ਲੈ ਰਹੇ ਹਨ ਅਤੇ ਜਲਦ ਇਹ ਬਿਜਲੀ ਸਮਝੌਤੇ ਰੱਦ ਕੀਤੇ ਜਾਣਗੇ ਜਦਕਿ ਪੰਜਾਬ ਦੇ ਲੋਕਾਂ ਨੂੰ ਮੁਸ਼ਕਲ ਵਿੱਚ ਅਕਾਲੀ ਦਲ ਗੱਠਜੋੜ ਭਾਜਪਾ ਸਰਕਾਰ ਨੇ ਫਸਾਇਆ ਸੀ।
ਇਹ ਵੀ ਪੜੋ: ਹੁਣ ਬੇਅਦਬੀ ਨੂੰ ਲੈ ਕੇ ਵੀ ਨਵਜੋਤ ਸਿੱਧੂ ਨੇ ਬਦਲਿਆ ਟ੍ਰੈਕ !