ਚੰਡੀਗੜ੍ਹ: ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋਇਆ ਤਾਂ ਬਿਜਲੀ ਦੇ ਕੱਟ ਵੀ ਲਾਏ ਗਏ ਅਤੇ ਆਮ ਲੋਕਾਂ ਨੂੰ ਤਪਦੀ ਗਰਮੀ 'ਚ ਬਿਨਾਂ ਬਿਜਲੀ ਤੋਂ ਦਿਨ ਗੁਜ਼ਾਰਨੇ ਪਏ। ਇਥੋਂ ਤੱਕ ਕਿ ਇੰਡਸਟਰੀ ਨੂੰ ਵੀ ਬੰਦ ਕਰ ਦਿੱਤਾ ਗਿਆ। ਮਕਸਦ ਇਹੀ ਸੀ ਕਿ ਕਿਸਾਨਾਂ ਨੂੰ ਘੱਟੋ-ਘੱਟ ਅੱਠ ਘੰਟੇ ਬਿਜਲੀ ਦਿੱਤੀ ਜਾਵੇ ਪਰ ਪੰਜਾਬ ਸਰਕਾਰ ਇਸ ਵਿੱਚ ਵੀ ਪੂਰੇ ਤਰੀਕੇ ਨਾਲ ਅਸਫ਼ਲ ਰਹੀ।
ਇਸ ਸਬੰਧੀ ਸਰਕਾਰੀ ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਖੇਤੀ ਸੈਕਟਰ ਲਈ 8 ਜੁਲਾਈ ਨੂੰ 7 ਘੰਟੇ 12 ਮਿੰਟ ਅਤੇ ਸਰਹੱਦੀ ਖੇਤਰ ਚ ਖੇਤਾਂ ਲਈ 7 ਘੰਟੇ 30 ਮਿੰਟ ਬਿਜਲੀ ਸਪਲਾਈ ਦਿੱਤੀ ਗਈ। ਇਵੇਂ ਹੀ 7 ਜੁਲਾਈ ਨੂੰ ਖੇਤੀ ਸੈਕਟਰ ਲਈ 6 ਘੰਟੇ 23 ਮਿੰਟ ਅਤੇ ਸਰਹੱਦੀ ਖੇਤਰ ਲਈ 6 ਘੰਟੇ 30 ਮਿੰਟ ਬਿਜਲੀ ਸਪਲਾਈ ਦਿੱਤੀ ਗਈ। ਇਹ ਤਾਂ ਸਰਕਾਰੀ ਅੰਕੜੇ ਹਨ ਪਰ ਅਸਲ ਤਸਵੀਰ ਇਸ ਤੋਂ ਵੀ ਮਾੜੀ ਦੇਖਣ ਨੂੰ ਮਿਲੀ ਹੈ ।
ਇਸ ਨੂੰ ਲੈਕੇ ਭਾਜਪਾ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇੰਨੇ ਬਿਜਲੀ ਕੱਟ ਲਗਾਏ ਗਏ। ਇੱਥੋਂ ਤੱਕ ਕਿ ਇੰਡਸਟਰੀ ਬੰਦ ਕਰ ਦਿੱਤੀ ਗਈ ਅਤੇ ਫਿਰ ਵੀ ਸਰਕਾਰ ਖੇਤੀ ਸੈਕਟਰ ਨੂੰ ਪੂਰੀ ਬਿਜਲੀ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਕੋਈ ਯੋਜਨਾ ਹੀ ਨਹੀਂ ਹੈ ਕਿ ਕਿਵੇਂ ਬਿਜਲੀ ਸਪਲਾਈ ਹਰ ਇੱਕ ਤੱਕ ਪਹੁੰਚਦੀ ਕੀਤੀ ਜਾਵੇ ।
ਉੱਥੇ ਹੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਬਿਜਲੀ ਦੇ ਵੱਡੇ ਸੰਕਟ ਲਈ ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ, ਉੱਥੇ ਹੀ ਅਕਾਲੀ ਭਾਜਪਾ ਸਰਕਾਰ ਵੀ ਉਨ੍ਹੀ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਬੀਜੇਪੀ ਸਰਕਾਰ ਮੌਕੇ ਪੰਜਾਬ ਮਾਰੂ ਬਿਜਲੀ ਦੇ ਸਮਝੌਤੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸਮਝੌਤੇ ਕਰਨ ਦੌਰਾਨ ਪੰਜਾਬ ਦਾ ਖਿਆਲ ਨਹੀਂ ਰੱਖਿਆ ਗਿਆ ਬਲਕਿ ਪ੍ਰਾਈਵੇਟ ਘਰਾਣਿਆਂ ਦਾ ਖਿਆਲ ਰੱਖਿਆ ਗਿਆ ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਰਮਵੀਰ ਸਿੰਘ ਗੁਰਾਇਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਸਮੇਂ ਆਪਣੀ ਕੁਰਸੀ ਬਚਾਉਣ ਵਿੱਚ ਲੱਗੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਧਿਆਨ ਲੋਕਾਂ ਵੱਲ ਨਹੀਂ ਹੈ ਅਤੇ ਜਦੋਂ ਧਿਆਨ ਹੀ ਨਹੀਂ ਹੋਵੇਗਾ ਤਾਂ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਕਿੱਥੋਂ ਮਿਲੇਗੀ।
ਉਥੇ ਹੀ ਇਸ ਮਸਲੇ ਦਾ ਹੱਲ ਨਾ ਕੱਢਦੇ ਹੋਏ ਕਾਂਗਰਸੀ ਬੁਲਾਰੇ ਕੇ.ਕੇ ਬਾਵਾ ਨੇ ਕਿਹਾ ਕਿ ਬਾਰਿਸ਼ ਸਮੇਂ ਸਿਰ ਨਾ ਹੋਣ ਕਾਰਨ ਬਿਜਲੀ ਦੀ ਵੱਡੀ ਸਮੱਸਿਆ ਆਈ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਸਮੱਸਿਆ ਕੁਦਰਤੀ ਸਮੱਸਿਆ ਹੈ।
ਇਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਆਮ ਲੋਕਾਂ ਵੱਲੋਂ ਬਣਾਈ ਗਈ ਸਰਕਾਰ ਕੀ ਸਿਰਫ ਇਹ ਕਹਿ ਕੇ ਬਚ ਸਕਦੀ ਹੈ, ਸਮੇਂ ਸਿਰ ਬਾਰਿਸ਼ ਨਹੀਂ ਹੋਈ ਜਿਸ ਕਰਕੇ ਸਮੱਸਿਆ ਆ ਗਈ, ਜਾਂ ਫਿਰ ਲੋੜ ਸੀ ਕਿ ਠੀਕ ਤਰੀਕੇ ਦੇ ਨਾਲ ਬਿਜਲੀ ਉਤਪਾਦਨ ਨੂੰ ਲੈ ਕੇ ਕੋਈ ਯੋਜਨਾ ਤਿਆਰ ਕੀਤੀ ਜਾਂਦੀ ਤਾਂ ਜੋ ਇਹ ਗੰਭੀਰ ਸੰਕਟ ਪੈਦਾ ਨਾ ਹੁੰਦਾ ।
ਇਹ ਵੀ ਪੜ੍ਹੋ:ਕੈਪਟਨ ਵੱਲੋਂ ਉਦਯੋਗਾਂ ’ਤੇ ਲਗਾਈਆਂ ਸਾਰੀਆਂ ਬਿਜਲੀ ਬੰਦਿਸ਼ਾਂ ਹਟਾਉਣ ਦੇ ਆਦੇਸ਼