ਚੰਡੀਗੜ੍ਹ: ਸੰਜੇ ਪੋਪਲੀ ਆਈ.ਏ.ਐਸ ਅਧਿਕਾਰੀ, ਜਿਸ ਨੂੰ ਪੁਲਿਸ ਨੇ ਭ੍ਰਿਸ਼ਟਾਚਾਰ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਸੀ, ਉਸ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ (Death by shooting) ਹੋ ਜਾਣ ਤੋਂ ਬਾਅਦ ਉਸ ਦੀ ਲਾਸ਼ ਨੂੰ 16 ਸੈਕਟਰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਸੀ, ਪਰ ਅੱਜ ਉਸ ਦਾ ਪੋਸਟਮਾਰਟਮ ਪੀ.ਜੀ.ਆਈ. ਵੱਲੋਂ ਗਠਿਤ ਡਾਕਟਰਾਂ ਦੇ ਪੈਨਲ ਦੀ ਵੱਲੋਂ ਕੀਤਾ ਜਾ ਰਿਹਾ ਹੈ।
ਦਰਅਸਲ ਬੀਤੇ ਦਿਨੀਂ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਘਰ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ। ਜਿਸ ਵਿੱਚ ਵਿਜੀਲੈਂਸ ਵੱਲੋਂ ਨਾਜਾਇਜ਼ ਸੋਨਾ, ਚਾਂਦੀ ਅਤੇ ਨਗਦੀ ਬਰਾਮਦ ਕਰਨ ਦੇ ਦਾਅਵੇ ਕੀਤੇ ਗਏ ਹਨ। ਵਿਜੀਲੈਂਸ ਦੀ ਛਾਪੇਮਾਰੀ ਦੌਰਾਨ ਘਰ ਅੰਦਰ ਗੋਲੀ ਵੀ ਚੱਲਦੀ ਹੈ, ਜਿਸ ਵਿੱਚ ਭੇਦ-ਭਰੇ ਹਾਲਾਤਾਂ ਵਿੱਚ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਪੁੱਤ ਦੀ ਮੌਤ ਹੋ ਜਾਂਦੀ ਹੈ।
ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ’ਤੇ ਇਲਜ਼ਾਮ ਲਗਾਏ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਮ੍ਰਿਤਕ ਦੀ ਮਾਂ ਵੱਲੋਂ ਵਿਜੀਲੈਂਸ ਦੀ ਟੀਮ ’ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਮਾਮਲੇ ’ਚ ਵਿਜੀਲੈਂਸ ਦੀ ਟੀਮ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ।
ਵਿਜੀਲੈਂਸ ਦਾ ਵੱਡਾ ਖੁਲਾਸਾ: ਵਿਜੀਲੈਂਸ ਦੀ ਟੀਮ (Vigilance team) ਵੱਲੋਂ ਮਾਮਲੇ ਸਬੰਧੀ ਡੇਟਾ ਜਾਰੀ ਕੀਤਾ ਗਿਆ ਹੈ। ਛਾਪੇਮਾਰੀ ਦੌਰਾਨ ਸੋਨੇ ਦੀਆਂ ਕਿੱਲੋ ਕਿੱਲੋਂ ਦੀਆਂ 9 ਇੱਟਾਂ, ਸੋਨੇ ਦੇ 49 ਬਿਸਕੁੱਟ 12 ਸਿੱਕੇ, ਚਾਂਦੀ ਦੀਆਂ ਕਿੱਲੋ ਕਿੱਲੋ ਦੀਆਂ 3 ਇੱਟਾਂ ਅਤੇ 3,50,000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।
ਪਰਿਵਾਰ ਨੇ ਲਗਾਏ ਇਲਜ਼ਾਮ: ਮਾਮਲੇ ਸਬੰਧੀ ਚੰਡੀਗੜ੍ਹ ਦੇ ਐੱਸ.ਐੱਸ.ਪੀ. ਕੁਲਦੀਪ ਚਾਹਲ ਨੇ ਦੱਸਿਆ ਕਿ ਕਾਰਤਿਕ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਦੂਜੇ ਪਾਸੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਵਿਜੀਲੈਂਸ ਉਸ 'ਤੇ ਝੂਠੇ ਬਿਆਨ ਦੇਣ ਲਈ ਦਬਾਅ ਪਾ ਰਹੀ ਸੀ। ਜਿਸ ਕਾਰਨ ਬੇਟੇ ਨੇ ਇਹ ਕਦਮ ਚੁੱਕਿਆ।
ਪੋਪਲੀ ’ਤੇ ਲੱਗੇ ਹਨ ਰਿਸ਼ਵਤ ਲੈਣ ਦੇ ਇਲਜ਼ਾਮ: ਆਈਏਐਸ ਅਧਿਕਾਰੀ ਸੰਜੇ ਪੋਪਲੀ ’ਤੇ ਸੀਵਰੇਜ ਠੇਕੇਦਾਰਾਂ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸਨ। ਇਲਜ਼ਾਮ ਲੱਗੇ ਸਨ ਕਿ ਆਈਏਐਸ ਪੋਪਲੀ ਨੇ ਵਾਟਰ ਐਂਡ ਸੀਵਰੇਜ ਬੋਰਡ ਦੇ ਸੀਈਓ ਸਨ ਤਾਂ ਉਸ ਸਮੇਂ ਉਨ੍ਹਾਂ ਦੇ ਨਾਲ ਆਏ ਸਹਾਇਕ ਸਕੱਤਰ ਸੰਦੀਪ ਵਤਸ ਨੇ ਨਵਾਂਸ਼ਹਿਰ ਦੇ ਇੱਕ ਠੇਕੇਦਾਰ ਤੋਂ 7.30 ਰੁਪਏ ਦੀ ਅਦਾਇਗੀ ਦੇ ਬਦਲੇ ਕੁੱਲ ਰਕਮ ਵਿੱਚੋਂ 7 ਫੀਸਦੀ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਇੱਕ ਰਿਕਾਰਡਿੰਗ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸੰਜੇ ਪੰਪਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ:ਆਪ ਸਰਕਾਰ ਦਾ ਪਹਿਲਾ ਬਜਟ, ਸਿਹਤ ਅਤੇ ਸਿੱਖਿਆ ਰਹੇਗਾ ਫੋਕਸ