ਚੰਡੀਗੜ੍ਹ: ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਆਧਾਰਤ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੇ ਮਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਜੋ ਵੱਡੇ ਪੱਧਰ `ਤੇ ਹਥਿਆਰ ਬਣਾਉਣ ਅਤੇ ਮੱਧ ਪ੍ਰਦੇਸ਼ ਤੋਂ ਪੰਜਾਬ ਅਤੇ ਹੋਰਨਾਂ ਰਾਜਾਂ ਵਿੱਚ ਹਥਿਆਰ ਸਪਲਾਈ ਕਰਨ ਵਿੱਚ ਸ਼ਾਮਲ ਸੀ। ਫੜੇ ਗਏ ਵਿਅਕਤੀਆਂ ਦੀ ਪਛਾਣ ਕਰੋੜ ਸਿੰਘ ਅਤੇ ਰਾਮ ਸਿੰਘ ਪਟਵਾ ਵਜੋਂ ਹੋਈ ਹੈ, ਜੋ ਦੋਵੇਂ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਪਿੰਡ ਪਚੌਰੀ ਦੇ ਵਸਨੀਕ ਹਨ ਅਤੇ ਚੰਦਰ ਪਾਲ ਉਕਤ ਜ਼ਿਲ੍ਹੇ ਦੇ ਪਿੰਡ ਖਖਨਾਰ ਨਾਲ ਸਬੰਧਤ ਹੈ। ਦੋਸ਼ੀ ਵਿਅਕਤੀਆਂ ਨੂੰ 15 ਅਪ੍ਰੈਲ, 2021 ਨੂੰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਵਿੱਚ ਕੀਤੇ ਗਏ ਇੱਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ਪਾਸੋਂ 30 ਗੈਰ ਕਾਨੂੰਨੀ ਪਿਸਤੌਲ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ 25 ਪਿਸਤੌਲ 32 ਬੋਰ, 5 30 ਬੋਰ ਪਿਸਤੌਲ ਅਤੇ 32 ਮੈਗਜ਼ੀਨਾਂ ਤੋਂ ਇਲਾਵਾ ਇੱਕ ਆਲਟੋ ਕਾਰ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਸੂਹ ਮਿਲਣ `ਤੇ ਏ.ਐਸ.ਪੀ. ਮਜੀਠਾ ਅਭਿਮਨਿਯੂ ਰਾਣਾ ਅਤੇ ਡੀਐਸਪੀ ਡਿਟੈਕਟਿਵ ਗੁਰਿੰਦਰ ਨਾਗਰਾ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਦੀ ਇੱਕ ਪੁਲਿਸ ਟੀਮ ਨੇ 10.4.2021 ਨੂੰ ਬੁਰਹਾਨਪੁਰ ਦੇ ਬੱਸ ਸਟੈਂਡ ਨੇੜੇ ਕਰੋੜ ਸਿੰਘ ਅਤੇ ਚੰਦਰ ਪਾਲ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੇ ਕਬਜ਼ੇ `ਚੋਂ ਦਸ 32 ਬੋਰ ਪਿਸਤੌਲਾਂ ਅਤੇ 10 ਮੈਗਜ਼ੀਨ ਬਰਾਮਦ ਕੀਤੇ ਗਏ, ਜਦੋਂ ਕਿ ਤੀਜੇ ਦੋਸ਼ੀ ਰਾਮ ਸਿੰਘ ਪਟਵਾ ਨੂੰ ਪੰਦਰਾਂ 32 ਬੋਰ ਦੀਆਂ ਪਿਸਤੌਲਾਂ, ਪੰਜ 30 ਬੋਰ ਪਿਸਤੌਲਾਂ ਅਤੇ 22 ਮੈਗਜ਼ੀਨਾਂ ਸਮੇਤ ਬੁਰਹਾਨਪੁਰ ਵਿੱਚ ਗੁਰੂਦੁਆਰਾ ਬਦੀ ਸੰਗਤ ਨੇੜਿਓਂ ਕਾਬੂ ਕੀਤਾ ਗਿਆ ਸੀ। ਡੀਜੀਪੀ ਨੇ ਦੱਸਿਆ ਕਿ ਰਾਮ ਸਿੰਘ ਪਟਵਾ ਵੱਲੋਂ ਖੁਲਾਸਾ ਕੀਤਾ ਗਿਆ ਕਿ ਹਥਿਆਰਾਂ ਦੀ ਖੇਪ ਉਸ ਨੂੰ ਰਾਹੁਲ ਦੁਆਰਾ ਸਪਲਾਈ ਕੀਤੀ ਗਈ ਸੀ, ਜੋ ਮੱਧ ਪ੍ਰਦੇਸ਼ ਅਧਾਰਤ ਹਥਿਆਰ ਨਿਰਮਾਤਾ ਅਤੇ ਤਸਕਰ ਹੈ, ਜਿਸ ਦਾ ਨਾਂਅ ਪੰਜਾਬ ਪੁਲਿਸ ਵੱਲੋਂ ਪਿਛਲੇ 6 ਮਹੀਨਿਆਂ ਦੌਰਾਨ ਬਰਮਾਦ ਕੀਤੀਆਂ ਗਈਆਂ ਵੱਖ-ਵੱਖ ਹਥਿਆਰਾਂ ਦੀਆਂ ਖੇਪਾਂ ਵਿੱਚ ਵੀ ਸਾਹਮਣੇ ਆਇਆ ਹੈ।
ਡੀਜੀਪੀ ਨੇ ਉਪਰੋਕਤ ਗ੍ਰਿਫਤਾਰੀਆਂ ਅਤੇ ਹਥਿਆਰਾਂ ਦੀ ਵੱਡੀ ਬਰਾਮਦਗੀ ਵਿੱਚ ਮੱਧ ਪ੍ਰਦੇਸ਼ ਪੁਲਿਸ ਦੁਆਰਾ ਪੰਜਾਬ ਪੁਲਿਸ ਨੂੰ ਮੁਹੱਈਆ ਕਰਵਾਈ ਸਹਾਇਤਾ ਲਈ ਮੱਧ ਪ੍ਰਦੇਸ਼ ਦੇ ਡੀ.ਜੀ.ਪੀ. ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਡੀਜੀਪੀ ਪੰਜਾਬ ਨੇ ਉਪਰੋਕਤ ਕਾਰਵਾਈ ਵਿੱਚ ਸਹਾਇਤਾ ਲਈ ਡੀਜੀਪੀ ਮੱਧ ਪ੍ਰਦੇਸ਼ ਨੂੰ ਨਿੱਜੀ ਤੌਰ ‘ਤੇ ਬੇਨਤੀ ਕੀਤੀ ਸੀ। ਜ਼ਿਕਰਯੋਗ ਹੈ ਕਿ ਜਨਵਰੀ, 2021 ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 32 ਬੋਰ ਦੇ 12 ਪਿਸਤੌਲਾਂ ਅਤੇ 15 ਮੈਗਜ਼ੀਨਾਂ ਦੀ ਖੇਪ ਦੇ ਮੁੱਖ ਸਪਲਾਇਰ ਵਜੋਂ ਰਾਹੁਲ ਦੀ ਪਛਾਣ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਪਟਿਆਲਾ ਪੁਲਿਸ ਵੱਲੋਂ ਸਤੰਬਰ, 2020 ਵਿਚ ਬਰਾਮਦ ਕੀਤੇ ਗਏ 6 32 ਬੋਰ ਪਿਸਤੌਲਾਂ ਦੀ ਇੱਕ ਖੇਪ ਵਿੱਚ ਉਹ ਮੁੱਖ ਸਰਗਨਾ ਸੀ। ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਹੁਲ ਅਤੇ ਮੱਧ ਪ੍ਰਦੇਸ਼ ਦੇ ਹੋਰ ਹਥਿਆਰ ਤਸਕਰ ਦੇਸੀ ਹਥਿਆਰਾਂ ਦੀ ਨਾਜਾਇਜ਼ ਸਪਲਾਈ ਲਈ ਪੰਜਾਬ ਵਿੱਚ ਵਿਸ਼ਾਲ ਨੈੱਟਵਰਕ ਸਥਾਪਤ ਕਰਨ ਵਾਸਤੇ ਵਟਸਐਪ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ।
ਐਸਐਸਪੀ ਦਹੀਆ ਨੇ ਦੱਸਿਆ ਕਿ ਇਹ ਹਥਿਆਰ ਸਪਲਾਇਰ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ, ਅੱਤਵਾਦੀ ਅਨਸਰਾਂ, ਗੈਂਗਸਟਰਾਂ ਅਤੇ ਕੱਟੜਪੰਥੀਆਂ ਨੂੰ ਹਥਿਆਰ ਸਪਲਾਈ ਕਰਨ ਲਈ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਰਾਹੁਲ ਦੇ ਸਬੰਧ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਇੱਕ ਦੋਸ਼ੀ ਨਾਲ ਵੀ ਸਾਹਮਣੇ ਆਏ ਹਨ ਜਿਸ ਨੂੰ ਪੰਜਾਬ ਪੁਲਿਸ ਵੱਲੋਂ 2019 ਵਿੱਚ ਡਰੋਨ ਮਡਿਊਲ ਕੇਸ ਵਿੱਚ ਕਾਬੂ ਕੀਤਾ ਗਿਆ ਸੀ। ਐਸਐਸਪੀ ਨੇ ਦੱਸਿਆ ਕਿ ਹਥਿਆਰਾਂ ਦੇ ਨਿਰਮਾਣ, ਤਸਕਰੀ ਅਤੇ ਸਪਲਾਈ ਦੇ ਨੈਟਵਰਕ ਦਾ ਪਤਾ ਲਗਾਉਣ ਦੇ ਨਾਲ ਨਾਲ ਪੰਜਾਬ ਵਿੱਚ ਹੋਈਆਂ ਬਰਾਮਦਗੀਆਂ ਅਤੇ ਪੁਰਾਣੀਆਂ ਖੇਪਾਂ ਨਾਲ ਜੁੜੇ ਵਿਅਕਤੀਗਤ ਅਤੇ ਵਿੱਤੀ ਲੈਣ-ਦੇਣ ਦਾ ਪਤਾ ਲਗਾਉਣ ਲਈ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਆਰਮਜ਼ ਐਕਟ ਦੀ ਧਾਰਾ 25, 54, 59 ਅਧੀਨ ਐਫ.ਆਈ.ਆਰ. ਨੰ. 199 ਮਿਤੀ 10 ਦਸੰਬਰ, 2020 ਥਾਣਾ ਘਰਿੰਡਾ, ਅੰਮ੍ਰਿਤਸਰ ਦਿਹਾਤੀ ਵਿਖੇ ਦਰਜ ਹੈ ਜਿਸ ਵਿੱਚ ਅਗਲੇਰੀ ਜਾਂਚ ਦੌਰਾਨ ਇਹ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਕੀਤੀਆਂ ਗਈਆਂ।