ਨਵੀਂ ਦਿੱਲੀ: ਭਾਰਤ ਅਤੇ ਰੂਸ ਨੇ ਸੋਮਵਾਰ ਨੂੰ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ 28 ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। ਇਸਦੇ ਨਾਲ ਹੀ ਅੱਤਵਾਦ ਦੇ ਖਤਰੇ ਅਤੇ ਅਫਗਾਨਿਸਤਾਨ ਦੀ ਬਦਲੀ ਹੋਈ ਸਥਿਤੀ ਵਰਗੀਆਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਅਤੇ ਤਾਲਮੇਲ ਵਧਾਉਣ ਦਾ ਸੰਕਲਪ ਲਿਆ ਹੈ।
ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਹੋਈ ਸਿਖਰ ਵਾਰਤਾ ਨੂੰ ਬਹੁਤ ਉਪਯੋਗੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਸਰਕਾਰ ਨਾਲ ਕਈ ਖੇਤਰਾਂ ਵਿੱਚ 28 ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਹਨ। ਇਹ ਪੁੱਛੇ ਜਾਣ 'ਤੇ ਕਿ ਕੀ ਭਾਰਤ ਨੇ ਪੂਰਬੀ ਲੱਦਾਖ ਰੁਕਾਵਟ ਦਾ ਮੁੱਦਾ ਉਠਾਇਆ ਹੈ, ਵਿਦੇਸ਼ ਸਕੱਤਰ ਨੇ ਸਿਰਫ ਇਹ ਕਿਹਾ ਕਿ ਭਾਰਤ ਦੀ ਸੁਰੱਖਿਆ ਨਾਲ ਸਬੰਧਤ ਸਾਰੀਆਂ ਚਿੰਤਾਵਾਂ 'ਤੇ ਚਰਚਾ ਕੀਤੀ ਗਈ ਸੀ। ਇੱਕ ਮੀਡੀਆ ਬ੍ਰੀਫਿੰਗ ਵਿੱਚ, ਸ਼੍ਰਿੰਗਲਾ ਨੇ ਕਿਹਾ ਕਿ ਮੋਦੀ ਅਤੇ ਪੁਤਿਨ ਨੇ ਅਫਗਾਨਿਸਤਾਨ 'ਤੇ ਭਾਰਤ ਅਤੇ ਰੂਸ ਦਰਮਿਆਨ ਨਜ਼ਦੀਕੀ ਸਲਾਹ-ਮਸ਼ਵਰੇ ਅਤੇ ਤਾਲਮੇਲ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ "ਦੋਵੇਂ ਪੱਖ ਸਪੱਸ਼ਟ ਸਨ ਕਿ ਅਫਗਾਨ ਖੇਤਰ ਨੂੰ ਪਨਾਹ ਦੇਣ, ਸਿਖਲਾਈ ਦੇਣ ਜਾਂ ਅੱਤਵਾਦ ਦੀ ਕਿਸੇ ਵੀ ਕਾਰਵਾਈ ਦੀ ਯੋਜਨਾ ਬਣਾਉਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਹੈ,"
ਵਿਦੇਸ਼ ਸਕੱਤਰ ਨੇ ਕਿਹਾ ਕਿ ਊਰਜਾ ਦੇ ਰਣਨੀਤਕ ਖੇਤਰ ਵਿੱਚ ਸਹਿਯੋਗ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਅੱਤਵਾਦ ਦਾ ਮੁਕਾਬਲਾ ਕਰਨ 'ਤੇ ਬਹੁਤ ਜ਼ੋਰ ਦਿੱਤਾ ਗਿਆ ਸੀ ਅਤੇ ਦੋਵੇਂ ਧਿਰਾਂ ਸਪੱਸ਼ਟ ਸਨ ਕਿ ਇਹ ਸਾਂਝੇ ਹਿੱਤਾਂ ਦਾ ਖੇਤਰ ਹੈ। ਸ਼੍ਰਿੰਗਲਾ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਸਰਹੱਦ ਪਾਰ ਅੱਤਵਾਦ ਨਾਲ ਲੜਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਦੌਰਾਨ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਪੁਤਿਨ ਨੇ ਭਾਰਤ ਨੂੰ 'ਮਹਾਨ ਸ਼ਕਤੀ' ਅਤੇ 'ਸਮਾਂ-ਪਰਖਿਆ' ਦੋਸਤ ਦੱਸਿਆ।
ਇਹ ਵੀ ਪੜ੍ਹੋ: ਵਿਦੇਸ਼ ਮੰਤਰੀ ਜੈਸ਼ੰਕਰ ਨੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਕੀਤੀ ਮੁਲਾਕਾਤ
ਉਨ੍ਹਾਂ ਨੇ ਅਫਗਾਨਿਸਤਾਨ ਦੇ ਵਿਕਾਸ 'ਤੇ ਵੀ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਭਾਰਤ ਅਤੇ ਰੂਸ ਖੇਤਰ ਨੂੰ ਦਰਪੇਸ਼ ਪ੍ਰਮੁੱਖ ਚੁਣੌਤੀਆਂ 'ਤੇ ਤਾਲਮੇਲ ਕਰਨਾ ਜਾਰੀ ਰੱਖਣਗੇ।ਪੁਤਿਨ ਨੇ ਕਿਹਾ, ਅਸੀਂ ਭਾਰਤ ਨੂੰ ਇੱਕ ਮਹਾਨ ਸ਼ਕਤੀ, ਇੱਕ ਦੋਸਤਾਨਾ ਰਾਸ਼ਟਰ ਅਤੇ ਪੁਰਾਣੇ ਦੋਸਤ ਦੇ ਰੂਪ ਵਿੱਚ ਦੇਖਦੇ ਹਾਂ। ਸਾਡੇ ਦੇਸ਼ਾਂ ਵਿਚਕਾਰ ਸਬੰਧ ਵਿਕਸਿਤ ਹੋ ਰਹੇ ਹਨ ਅਤੇ ਅਸੀਂ ਭਵਿੱਖ ਵੱਲ ਦੇਖਦੇ ਹਾਂ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਅਤੇ ਰੂਸ ਦਰਮਿਆਨ ਦੁਵੱਲੇ ਸਬੰਧਾਂ ਅਤੇ ਰਣਨੀਤਕ ਭਾਈਵਾਲੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਵਿਰੁੱਧ ਲੜਾਈ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਹੋਇਆ ਹੈ। ਪੀਐਮ ਮੋਦੀ ਨੇ ਕਿਹਾ ਕਿ ਅਸੀਂ 2025 ਤੱਕ ਵਪਾਰ ਵਿੱਚ 30 ਬਿਲੀਅਨ ਡਾਲਰ ਟਰੇਡ ਅਤੇ ਨਿਵੇਸ਼ ਵਿੱਚ 50 ਬਿਲੀਅਨ ਡਾਲਰ ਦਾ ਟੀਚਾ ਰੱਖਿਆ ਹੈ।
ਉਨ੍ਹਾਂ ਕਿਹਾ ਕਿ 2021 ਸਾਡੇ ਦੁਵੱਲੇ ਸਬੰਧਾਂ ਲਈ ਬਹੁਤ ਮਹੱਤਵਪੂਰਨ ਹੈ। ਪੀਐਮ ਨੇ ਕਿਹਾ ਕਿ ਇਹ ਸਾਲ ਸਾਡੀ 1971 ਦੀ ਟਰੀਟੀ ਆਫ ਪੀਸ ਫਰੈਂਡਸ਼ਿੱਪ ਅਤੇ ਐਂਡ ਕੋਆਪਰੇਸ਼ਨ ਦੇ ਪੰਜ ਦਹਾਕੇ ਅਤੇ ਸਾਡੀ ਰਣਨੀਤਕ ਸਾਂਝੇਦਾਰੀ ਦੇ ਦੋ ਦਹਾਕਿਆਂ ਨੂੰ ਦਰਸਾਉਂਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਸਾਡੇ ਵਿਚਕਾਰ ਹੋਏ ਵੱਖ-ਵੱਖ ਸਮਝੌਤੇ ਇਸ ਵਿੱਚ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਮੁੱਖ ਵਿਕਾਸ ਅਤੇ ਸਹਿ-ਉਤਪਾਦਨ ਰਾਹੀਂ ਸਾਡੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਮੈਂ ਭਾਰਤ ਦਾ ਦੌਰਾ ਕਰਕੇ ਬਹੁਤ ਖੁਸ਼ ਹਾਂ। ਪਿਛਲੇ ਸਾਲ ਦੋਹਾਂ ਦੇਸ਼ਾਂ ਵਿਚਾਲੇ ਵਪਾਰ 17 ਫੀਸਦੀ ਘਟਿਆ ਸੀ ਪਰ ਇਸ ਸਾਲ ਪਹਿਲੇ ਨੌਂ ਮਹੀਨਿਆਂ 'ਚ ਵਪਾਰ 'ਚ 38 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਅੱਜ ਭਾਰਤ ਦੌਰੇ 'ਤੇ ਰਾਸ਼ਟਰਪਤੀ ਪੁਤਿਨ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਸ਼ਿਖਰ ਬੈਠਕ