ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਦੇ 117 ਵਿਧਾਇਕਾਂ ਨੂੰ ਕੈਨੇਡਾ, ਆਸਟ੍ਰੇਲੀਆ ਅਤੇ ਇੰਗਲੈਂਡ ਵਿਖੇ ਸਟੱਡੀ ਟੂਰ 'ਤੇ ਲਿਜਾਉਣ ਬਾਰੇ ਸੱਦਾ ਪੱਤਰ ਭੇਜਿਆ ਗਿਆ ਹੈ, ਜਿਸ ਨੂੰ ਲੈ ਕੇ ਸੂਬੇ ਦੇ ਵਿੱਚ ਹੁਣ ਸਿਆਸਤ ਵੀ ਤੇਜ਼ ਹੋ ਗਈ ਹੈ ਕਿ ਸਰਕਾਰ ਇੱਕ ਪਾਸੇ ਆਰਥਿਕ ਸਥਿਤੀ ਸਹੀ ਨਾ ਹੋਣ ਬਾਰੇ ਰਾਗ ਅਲਾਪਦੀ ਹੈ, ਉੱਥੇ ਹੀ ਦੂਜੇ ਪਾਸੇ ਵਿਧਾਇਕਾਂ ਨੂੰ ਵਿਦੇਸ਼ ਲੈ ਕੇ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਵਿਧਾਇਕਾਂ ਨੂੰ ਸਟੱਡੀ ਟੂਅਰ 'ਤੇ ਵਿਦੇਸ਼ ਲੈ ਕੇ ਜਾਇਆ ਜਾਵੇਗਾ। ਪਰਗਟ ਸਿੰਘ ਨੇ ਕਿਹਾ ਕਿ ਦੂਸਰੇ ਦੇਸ਼ਾਂ ਦਾ ਸਿਸਟਮ ਸਮਝਣ ਦੇ ਨਾਲ ਵਿਜ਼ਨ ਵੱਡਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚ ਵਿਜ਼ਨ ਟਰੇਨਿੰਗ 'ਤੇ ਬੇਸ਼ੁਮਾਰ ਪੈਸਾ ਖਰਚਿਆਂ ਜਾਂਦਾ ਹੈ। ਸਰਕਾਰ ਹੋਰ ਖਰਚੇ ਭਾਵੇਂ ਘੱਟ ਕਰ ਲਵੇ ਪਰ ਅਜਿਹੇ ਟੂਰ ਦੇ ਲਈ ਪੈਸੇ ਜ਼ਰੂਰ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਸੱਦਾ ਪੱਤਰ ਆਇਆ ਸੀ ਪਰ ਉਹ ਨਹੀਂ ਜਾ ਰਹੇ ਕਿਉਂਕਿ ਉਨ੍ਹਾਂ ਨੇ ਸਭ ਕੁਝ ਦੇਖਿਆ ਹੋਇਆ ਹੈ। ਪਰਗਟ ਸਿੰਘ ਨੇ ਕਿਹਾ ਕਿ ਉਹ ਵਿਧਾਇਕ ਜ਼ਰੂਰ ਜਾਣ ਜਿਨ੍ਹਾਂ ਨੇ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਦੇ ਵਿਧਾਇਕਾਂ ਜਾਂ ਮੰਤਰੀਆਂ ਦੀ ਵਰਕਿੰਗ ਨਹੀਂ ਦੇਖੀ।
ਪਰਗਟ ਸਿੰਘ ਨੇ ਕਿਹਾ ਕਿ ਕਈ ਵਾਰ ਤੁਹਾਡੇ ਉਹ ਪੈਸੇ ਖ਼ਰਾਬ ਨਹੀਂ ਜਾਂਦੇ ਜਿਨ੍ਹਾਂ ਨਾਲ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਉਨ੍ਹਾਂ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੇਖੇ ਇੱਕ ਸੈਸ਼ਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉੱਥੇ ਮੰਤਰੀ ਨੂੰ ਸੈਸ਼ਨ ਦੌਰਾਨ ਉਸੇ ਸਮੇਂ ਸਵਾਲ ਪੁੱਛੇ ਜਾਂਦੇ ਹਨ, ਜਦਕਿ ਪੰਜਾਬ ਵਿਧਾਨ ਸਭਾ ਵਿੱਚ ਮੰਤਰੀਆਂ ਨੂੰ 15 ਦਿਨ ਪਹਿਲਾਂ ਸਵਾਲ ਦੱਸਣੇ ਪੈਂਦੇ ਹਨ ਅਤੇ ਅਜਿਹੇ ਟੂਅਰ ਨਾਲ ਮੰਤਰੀਆਂ ਦੀ ਜਾਣਕਾਰੀ ਵਿੱਚ ਵਾਧਾ ਹੋਵੇਗਾ।