ਚੰਡੀਗੜ੍ਹ: ਸਿੱਖਿਆ ਵਿਭਾਗ ਵੱਲੋਂ 3 ਸਤੰਬਰ ਨੂੰ ਸਾਰੇ ਸਰਕਾਰੀ ਸਕੂਲਾਂ ’ਚ ਪੇਰੈਂਟਸ ਟੀਚਰਜ਼ ਮੀਟਿੰਗ (PTM) ਕਰਵਾਉਣ ਦੀ ਗੱਲ ਕਹੀ ਗਈ ਹੈ। ਇਸ ਲਈ ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਕੇ ਸਕੂਲਾਂ ਨੂੰ PTM ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ।
ਇਸ ਦੇ ਨਾਲ ਹੀ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਕੂਲਾਂ ’ਚ ਹੋਣ ਵਾਲੇ ਇਸ PTM ਦੌਰਾਨ ਸਿਰਫ਼ ਸਕੂਲ ਸਟਾਫ ਹੀ ਮੌਜੂਦ ਰਹੇਗਾ। ਸਕੂਲ ਮੁਖੀ ਦੀ ਪ੍ਰਧਾਨਗੀ ’ਚ ਸਟਾਫ ਦੇ ਸਹਿਯੋਗ ਨਾਲ ਹੋਣ ਵਾਲੇ PTM ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਵਾਇਆ ਜਾਵੇ। ਸਕੂਲੀ ਵਿਦਿਆਰਥੀ ਆਪਣੇ ਮਾਪਿਆਂ ਨਾਲ ਸਕੂਲ ਪੁੱਜਣਗੇ। ਪੀਟੀਐਮ ਵਾਲੇ ਦਿਨ ਸਟਾਫ ਮਾਪਿਆਂ ਨਾਲ ਵਿਦਿਆਰਥੀਆਂ ਦੀ ਹਾਜ਼ਰੀ, ਪਿਛਲੇ ਮਹੀਨੇ ਦੀ ਕਾਰਗੁਜ਼ਾਰੀ, ਸਿਹਤ ਸੰਭਾਲ, ਸਕੂਲ ’ਚ ਮੁਹੱਈਆ ਹੋਰ ਸਹੂਲਤਾਂ ਆਦਿ ਮੁੱਦਿਆਂ ’ਤੇ ਗੱਲਬਾਤ ਕਰੇਗਾ।
ਕਿਹਾ ਜਾ ਰਿਹਾ ਹੈ ਕਿ PTM ਦਾ ਆਯੋਜਨ ਕਰਨ ਤੋਂ ਪਹਿਲਾਂ ਸਕੂਲਾਂ ਨੂੰ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਨਾ ਹੋਵੇਗਾ। ਇਨ੍ਹਾਂ ਵਿਚ ਵਿਦਿਆਰਥੀਆਂ ਦੇ ਮਾਪਿਆਂ, ਪੰਚਾਇਤ ਮੈਂਬਰਾਂ, MC ਮੈਂਬਰਾਂ, ਇਲਾਕੇ ਜਾਂ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਹੋਰਾਂ ਲੋਕਾਂ ਨੂੰ ਸਕੂਲ ਵੱਲੋਂ ਮੀਟਿੰਗ ਲਈ ਸੱਦਾ ਦੇਣਾ ਸ਼ਾਮਿਲ ਹੋਵੇਗਾ। ਸਾਰੇ ਸਕੂਲ ਮੁਖੀ ਸਟਾਫ ਨਾਲ ਮੀਟਿੰਗਾਂ ਕਰੋ ਤੇ ਲੋੜ ਪੈਣ ’ਤੇ ਸੀਨੀਅਰ ਵਿਦਿਆਰਥੀਆਂ ਦੀਆਂ ਡਿਊਟੀਆਂ ਲਾਈਆਂ ਜਾ ਸਕਦੀਆਂ ਹਨ।
ਇਸ ਦੇ ਨਾਲ ਹੀ ਸਕੂਲ ਆਪਣੇ ਪੱਧਰ ’ਤੇ ਵੀ ਨੇੜਲੇ ਮੰਦਰਾਂ, ਜਨਤਕ ਸਥਾਨਾਂ ਤੋਂ ਵੀ ਐਲਾਨ ਕਰਵਾ ਕੇ ਮਾਪਿਆਂ ਨੂੰ PTM ਲਈ ਪ੍ਰੇਰਿਤ ਕਰਨ। ਉੱਥੇ ਹੀ ਫੇਸਬੁੱਕ, ਟਵਿੱਟਰ, ਸੋਸ਼ਲ ਮੀਡੀਆ ਆਦਿ ਪਲੇਟਫਾਰਮਾਂ ਜਾਂ ਵ੍ਹਟਸਐਪ ਗਰੁੱਪ ਰਾਹੀਂ ਜਾਗਰੂਕਤਾ ਲਈ ਵੱਧ ਤੋਂ ਵੱਧ ਪੋਸਟਰ, ਆਡੀਓ, ਵੀਡੀਓ ਮੈਸੇਜ ਸਾਂਝੇ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸਕੂਲ ਵੱਲੋਂ 3 ਸਤੰਬਰ ਤਕ ਰੋਜ਼ਾਨਾ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਪੀਟੀਐੱਮ ਦੇ ਆਯੋਜਨ ਸਬੰਧੀ ਜਾਣਕਾਰੀ ਦਿਉ।
ਇਸ ਦੇ ਨਾਲ ਹੀ PTM ਵਾਲੇ ਦਿਨ ਸਕੂਲਾਂ ਨੂੰ ਵੱਖ-ਵੱਖ ਗਤੀਵਿਧੀਆਂ ਕਰਨੀਆਂ ਪੈਣਗੀਆਂ। ਇਨ੍ਹਾਂ ਵਿਚ ਮਾਪਿਆਂ ਦਾ ਸੁਆਗਤ ਕਰਨਾ ਸ਼ਾਮਿਲ ਹੋਵੇਗਾ। ਸਕੂਲ ਵਿਚ ਮੁਹੱਈਆ ਵੱਖ-ਵੱਖ ਪ੍ਰਕਾਰ ਦੇ ਸਪਲੀਮੈਂਟਰੀ ਮਟੀਰੀਅਲ, ਲਾਇਬ੍ਰੇਰੀ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਜਾਵੇ। ਮਾਪਿਆਂ ਲਈ ਖੇਡਾਂ, ਜਿਨ੍ਹਾਂ ਵਿਚ ਸਪੂਨ ਰੇਸ, ਲੈਮਨ ਰੇਸ, ਮਿਊਜ਼ੀਕਲ ਚੇਅਰ, ਬੈਲੂਨ ਰੇਸ ਕਰਵਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: ADGP ਸ਼ਸ਼ੀ ਪ੍ਰਭਾ ਨੇ ਕਿਹਾ, ਜੇ ਵਿਧਾਇਕ ਬਲਜਿੰਦਰ ਕੌਰ ਪੁਲਿਸ ਨੂੰ ਸ਼ਿਕਾਇਤ ਕਰੇ, ਤਾਂ ਪਤੀ ਖਿਲਾਫ ਜ਼ਰੂਰ ਹੋਵੇਗੀ ਕਾਰਵਾਈ