ਚੰਡੀਗੜ੍ਹ: ਪਿਛਲੇ ਤਿੰਨ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਪੈਰਾਲੰਪਿਕ ਖਿਡਾਰੀ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪੁੱਜੇ। ਈਟੀਵੀ ਨਾਲ ਗੱਲਬਾਤ ਕਰਦਿਆਂ ਪੈਰਾਲੰਪਿਕ ਖਿਡਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ 3 ਦਸੰਬਰ ਨੂੰ ਆਪਣੇ ਸਾਥੀਆਂ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ 'ਤੇ ਆਏ ਸਨ ਪਰ ਉਸ ਦਿਨ ਮੁੱਖ ਮੰਤਰੀ ਰਿਹਾਇਸ਼ 'ਤੇ ਨਹੀਂ ਸਨ।
ਉਸ ਵੇਲੇ ਉਨ੍ਹਾਂ ਦੀ ਸੀਨੀਅਰ ਅਧਿਕਾਰੀ ਐੱਮਪੀ ਸਿੰਘ ਨਾਲ ਮੁਲਾਕਾਤ ਹੋਈ ਤੇ ਉਨ੍ਹਾਂ ਨੇ 72 ਘੰਟੇ ਦਾ ਸਮਾਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਸਮਾਂ ਖ਼ਤਮ ਹੋ ਗਿਆ ਹੈ ਜਿਸ ਕਰਕੇ ਉਹ ਮੁੜ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਪਹੁੰਚੇ ਹਨ ਪਰ ਮੁੱਖ ਮੰਤਰੀ ਘਰ ਵਿੱਚ ਮੌਜੂਦ ਨਹੀਂ ਸਨ।
ਇਸ ਦੇ ਚਲਦਿਆਂ ਉਨ੍ਹਾਂ ਦੀ ਮੁੱਖ ਮੰਤਰੀ ਦੀ ਥਾਂ ਉਨ੍ਹਾਂ ਦੇ ਓਐੱਸਡੀ ਸੰਦੀਪ ਬਰਾੜ ਨਾਲ ਮੁਲਾਕਾਤ ਹੋਈ ਤੇ ਸੰਦੀਪ ਬਰਾੜ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਕੋਲ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਖਿਡਾਰੀਆਂ ਨੂੰ ਮੰਗਾ ਮੰਨਣ ਦਾ ਭਰੋਸਾ ਦਿੱਤਾ ਤੇ ਧਰਨਾ ਚੁੱਕਣ ਨੂੰ ਕਿਹਾ।
ਉੱਥੇ ਹੀ ਖਿਡਾਰੀ ਸੰਜੀਵ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਧਰਨਾ ਚੁੱਕਣ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਦੋਂ ਤੱਕ ਉਹ ਆਪਣਾ ਸੰਘਰਸ਼ ਜਾਰੀ ਰਖਣਗੇ। ਹੁਣ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲਗੇਗਾ ਕੀ ਖਿਡਾਰੀਆਂ ਦੀ ਮੰਗਾਂ ਮੰਨੀਆਂ ਜਾਣਗੀਆਂ ਜਾਂ ਫਿਰ ਨੌਕਰੀ ਦੇਣ ਦਾ ਭਰੋਸਾ ਦੇ ਕੇ ਹੀ ਮੋੜ ਦਿੱਤਾ ਜਾਵੇਗਾ।