ਚੰਡੀਗੜ੍ਹ: ਸੰਨ 1984 ਵਿੱਚ ਜੂਨ 'ਚ ਵਾਪਰੇ ਸਾਕਾ ਨੀਲਾ ਤਾਰਾ (Operation Blue Star) ਦੀ 38 ਵਰ੍ਹੇਗੰਢ ਮਨਾਈ ਜਾ ਰਹੀ ਹੈ। ਸਾਕਾ ਨੀਲਾ ਤਾਰਾ ਭਾਰਤੀ ਫ਼ੌਜ ਦੇ ਸਭ ਤੋਂ ਵੱਡੇ ਮੀਸ਼ਨ ਵਿੱਚੋਂ ਇੱਕ ਸੀ। ਜਾਣੋ ਇਸ ਬਾਰੇ ਕੁਝ ਖ਼ਾਸ ਤੱਥ...
ਦਮਦਮੀ ਟਕਸਾਲ ਦੇ ਮੁਖੀ ਰਹੇ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਪੰਜਾਬ ਸਿਆਸਤ ਦਾ ਕੇਂਦਰ ਬਿੰਦੂ ਬਣ ਚੁੱਕੇ ਸਨ, ਕਿਹਾ ਜਾਂਦਾ ਹੈ ਇਸ ਕਰ ਕੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਵਧਦੀ ਲੋਕਪ੍ਰਿਯਤਾ ਅੰਦਰਖਾਤੇ ਰੜਕਣ ਲੱਗ ਗਈ ਸੀ।
ਇਹ ਵੀ ਪੜੋ: ਜਾਣੋ ਟਿੱਬਿਆਂ ਦਾ ਪੁੱਤ ਕਿਵੇਂ ਬਣਿਆ ਸਟਾਰ, ਮੂਸੇ ਪਿੰਡ ਨੂੰ ਦਿੱਤੀ PB 31 ਨਾਲ ਪਹਿਚਾਣ
ਇਸੇ ਦੌਰਾਨ ਪੰਜਾਬ ਵਿੱਚ ਹਾਲਾਤ ਕੁਝ ਸੁਖਾਵੇਂ ਵੀ ਨਹੀਂ ਸਨ। ਸਾਲ 1983 ਦੇ ਅਕਤੂਬਰ 'ਚ ਢਿੱਲਵਾਂ ਬੱਸ ਸਟੈਂਡ ਕੋਲ 6 ਹਿੰਦੂ ਮਾਰ ਦਿੱਤੇ ਗਏ ਜਿਸ ਤੋਂ ਬਾਅਦ ਕੇਂਦਰ ਦੀ ਇੰਦਰਾ ਗਾਂਧੀ ਸਰਕਾਰ ਨੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੂੰ ਭੰਗ ਕਰ ਦਿੱਤਾ। ਉਸ ਦੌਰਾਨ ਪੰਜਾਬ ਵਿਚ ਕਾਫੀ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ। ਕਈ ਆਮ ਲੋਕ ਅਤੇ ਪੁਲਿਸ ਮੁਲਾਜ਼ਮ ਵੀ ਮਾਰੇ ਜਾ ਚੁੱਕੇ ਸਨ। ਕੇਂਦਰ ਸਰਕਾਰ ਦੀਆਂ ਏਜੰਸੀਆਂ ਇਨ੍ਹਾਂ ਕਤਲਾਂ ਲਈ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਜ਼ਿੰਮੇਵਾਰ ਮੰਨਦੀਆਂ ਸਨ।
3 ਜੂਨ 1984 ਦਾ ਉਹ ਕਾਲਾ: ਜੂਨ 84 ਦੇ ਉਹ ਕਾਲੇ ਦਿਨ ਸੰਗਤ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਕੱਠੀਆਂ ਹੋਈਆਂ ਸਨ ਅਤੇ ਉਸ ਸਮੇਂ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਅਨੇਕਾਂ ਹੀ ਨਿਰਦੋਸ਼, ਮਾਸੂਮ ਅਤੇ ਨਿਹੱਥੇ ਲੋਕਾਂ ਨੂੰ ਮਾਰਿਆ ਗਿਆ ਸੀ। ਆਪਰੇਸ਼ਨ ਬਲੂ ਸਟਾਰ 'ਚ 83 ਫ਼ੌਜੀ ਸ਼ਹੀਦ ਹੋਏ ਸਨ ਅਤੇ 249 ਜ਼ਖ਼ਮੀ ਹੋਏ ਸਨ। ਇਸ ਵਿੱਚ 492 ਆਮ ਲੋਕਾਂ ਦੀ ਜਾਨ ਗਈ ਸੀ ਤੇ 1592 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ।
ਆਪਰੇਸ਼ਨ ਬਲੂ ਸਟਾਰ 3 ਜੂਨ ਤੋਂ 7 ਜੂਨ ਤੱਕ ਲੈ. ਜਨਰਲ ਕੁਲਦੀਪ ਸਿੰਘ ਦੀ ਅਗਵਾਈ ਹੇਠ ਚੱਲਿਆ ਸੀ। ਇਸ ਮੌਕੇ ਗੁਰਦੁਆਰਾ ਕੰਪਲੈਕਸ 'ਚ 51 ਲਾਈਟ ਮਸ਼ੀਨ ਗੰਨਾਂ ਬਰਾਮਦ ਹੋਈਆਂ ਸਨ। ਸਾਕਾ ਨੀਲਾ ਤਾਰਾ ਦਾ ਸੰਤਾਪ ਹੰਢਾਉਣ ਵਾਲੇ ਪੀੜਤਾਂ ਦੇ ਜ਼ਖ਼ਮ ਅੱਜ ਵੀ ਨਹੀਂ ਭਰੇ। ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਕਾ ਨੀਲਾ ਤਾਰਾ ਦੀ 35ਵੀਂ ਵਰ੍ਹੇਗੰਢ ਸ਼ਾਂਤੀ-ਪੂਰਵਕ ਮਨਾਉਣ ਦੀ ਅਪੀਲ ਕੀਤੀ ਹੈ।
ਇਕ ਵੱਖਰੇ ਰਾਜ ਦੀ ਖ਼ਾਲਿਸਤਾਨ ਦੀ ਮੰਗ: ਕਿਹਾ ਜਾਂਦਾ ਹੈ ਕਿ ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸ੍ਰੀ ਅਕਾਲ ਤਖਤ ਸਾਹਿਬ 'ਚ ਆਪਣੇ ਸੈਕੜੇ ਹਥਿਆਰਬੰਦ ਸਿੰਘਾਂ ਨਾਲ ਰਹਿ ਰਹੇ ਸਨ। ਕਿਹਾ ਇਹ ਵੀ ਜਾਂਦਾ ਹੈ ਜਰਨੈਲ ਸਿੰਘ ਤੇ ਉਨ੍ਹਾਂ ਦੇ ਸਾਥੀ ਇਕ ਵੱਖਰੇ ਰਾਜ ਖ਼ਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਤੇ ਉਨ੍ਹਾਂ ਨੂੰ ਪਾਕਿਸਤਾਨ ਤੋਂ ਵੀ ਸਮਰਥਨ ਮਿਲ ਸਕਦਾ ਸੀ, ਜਿਸ ਕਰਕੇ ਉਸ ਸਮੇਂ ਦੀ ਸਰਕਾਰ ਵੱਜੋਂ ਕਾਰਵਾਈ ਕਰਦੇ ਹੋਏ ਫੌਜੀ ਐਕਸ਼ਨ ਕੀਤਾ ਗਿਆ।
ਪਰ ਦੂਜੇ ਪਾਸੇ ਕਈ ਵਿਦਵਾਨ ਇਹ ਵੀ ਮੰਨਦੇ ਹਨ ਇਹ ਸਭ ਕੁਝ ਪਹਿਲਾਂ ਹੀ ਪਲੈਨ ਕੀਤਾ ਗਿਆ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਇਸ ਹਮਲੇ ਵਿਚ ਕਿੰਨੇ ਲੋਕ ਮਰੇ ਇਸ ਨੂੰ ਲੈ ਕੇ ਅਲੱਗ ਅਲੱਗ ਵਿਦਵਾਨਾਂ ਵੱਲੋਂ ਅਲੱਗ ਅਲੱਗ ਅੰਕੜੇ ਪੇਸ਼ ਕੀਤੇ ਗਏ ਹਨ, ਪਰ ਜੇ ਸਰਕਾਰੀ ਵ੍ਹਾਈਟ ਪੇਪਰ ਦੀ ਗੱਲ ਕਰੀਏ ਤਾਂ ਉਸ ਮੁਤਾਬਕ 83 ਫ਼ੌਜੀ ਤੇ 493 ਆਮ ਲੋਕ ਮਾਰੇ ਗਏ ਸਨ।
31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਹੋਇਆ: ਇੰਦਰਾ ਗਾਂਧੀ ਦੀ ਇਸ ਕਾਰਵਾਈ ਨਾਲ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ। ਫੌਜ ਦੀ ਇਸ ਕਾਰਵਾਈ ਦੌਰਾਨ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਮਾਰਿਆ ਗਿਆ। ਆਖਰ ਆਪ੍ਰੇਸ਼ਨ ਬਲੂ ਸਟਾਰ ਕਾਰਨ ਹੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖ ਅੰਗਰੱਖਿਅਕਾਂ ਨੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ। ਉਦੋਂ ਤੋਂ ਹੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅਗਵਾਈ 'ਚ ਸਿੱਖ ਸੰਗਤ ਇੱਕ ਜੂਨ ਤੋਂ 6 ਜੂਨ ਤਕ ਸਾਕਾ ਘੱਲੂਘਾਰਾ ਵਜੋਂ ਮਨਾਇਆ ਜਾਂਦਾ ਹੈ। ਇਨ੍ਹਾਂ ਸਮਾਗਮਾਂ ਦੌਰਾਨ ਲੱਖਾਂ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਦਰਬਾਰ ਸਾਹਿਬ ਨਤਮਸਤਕ ਹੋ ਕੇ ਸ਼ਹੀਦ ਹੋਏ ਹਜ਼ਾਰਾਂ ਸਿੰਘ ਸਿੰਘਣੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ।
ਸਾਕਾ ਨੀਲਾ ਤਾਰਾ ਸਬੰਧੀ ਕੁਝ ਖ਼ਾਸ ਗੱਲਾਂ
- 3 ਜੂਨ ਤੋਂ 7 ਜੂਨ ਤੱਕ ਚੱਲਿਆ ਆਪਰੇਸ਼ਨ ਬਲੂ ਸਟਾਰ
- 3 ਜੂਨ 1984 ਨੂੰ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋਇਆ
- 83 ਫ਼ੌਜੀ ਸ਼ਹੀਦ, 249 ਜ਼ਖ਼ਮੀ, ਹਜ਼ਾਰਾਂ ਮਾਸੂਮਾਂ ਹੋਏ ਸਨ ਸ਼ਹੀਦ
- ਸਰਕਾਰੀ ਅੰਕੜਿਆਂ ਮੁਤਾਬਕ 492 ਆਮ ਲੋਕਾਂ ਦੀ ਗਈ ਜਾਨ
- 1592 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
- ਲੈ. ਜਨਰਲ ਕੁਲਦੀਪ ਸਿੰਘ ਦੀ ਅਗਵਾਈ 'ਚ ਹੋਇਆ ਆਪਰੇਸ਼ਨ
- 51 ਲਾਈਟ ਮਸ਼ੀਨ ਗੰਨਾਂ ਗੁਰਦੁਆਰਾ ਕੰਪਲੈਕਸ 'ਚ ਬਰਾਮਦ ਹੋਈਆਂ
ਇਹ ਵੀ ਪੜੋ: WORLD PEST DAY 2022: ਆਓ ਵਿਸ਼ਵ ਕੀਟ ਦਿਵਸ ਬਾਰੇ ਕੁੱਝ ਖ਼ਾਸ ਗੱਲਾਂ ਜਾਣੀਏ