ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿੱਚ ਛਾਇਆ ਹੋਇਆ ਹੈ। ਭਾਰਤ ਵਿੱਚ ਵੀ ਕੋਰੋਨਾ ਵਾਇਰਸ ਕਰਕੇ ਲੌਕਡਾਊਨ ਕੀਤਾ ਗਿਆ ਹੈ। ਲੌਕਡਾਊਨ ਦੇ ਦੌਰਾਨ ਲੋਕਾਂ ਨੂੰ ਖਾਣ ਪੀਣ ਦੀ ਕਮੀ ਨਾ ਹੋਵੇ ਇਸ ਕਰਕੇ ਸਰਕਾਰਾਂ ਤਾਂ ਆਪਣੇ ਤੌਰ 'ਤੇ ਉਪਰਾਲਾ ਕਰਨ ਵਿੱਚ ਲੱਗੀਆਂ ਹੋਈਆਂ ਹਨ। ਪਰ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਵੀ ਆਪਣੇ ਤੌਰ 'ਤੇ ਲੋਕਾਂ ਕੋਲ ਖਾਣਾ ਭੇਜ ਰਹੀਆਂ ਹਨ। ਅਜਿਹੇ 'ਚ ਲੌਕਡਾਊਨ ਦੌਰਾਨ ਲੋਕ ਘਰੋਂ ਖਾਣਾ ਬਣਾ ਕੇ ਲੌੜਬੰਦਾਂ ਨੂੰ ਵੰਡ ਰਹੇ ਹਨ। ਸਥਾਨਕ ਲੋਕਾਂ ਵੱਲੋਂ ਆਪਣੀ ਜਿੰਮੇਵਾਰੀ ਸਮਝ ਕੇ ਇਹ ਮਦਦ ਕੀਤੀ ਜਾ ਰਹੀ ਹੈ।
ਹਾਲਾਂਕਿ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਲੌੜਬੰਦਾ ਦੀ ਮਦਦ ਲਈ ਕੱਚਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੈਕਟਰ 4 'ਚ ਸਮਾਜ ਸੇਵੀ ਓਂਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵਿਸਾਖੀ ਵਾਲੇ ਦਿਨ ਸੋਚਿਆ ਕਿ ਗੁਰਦੁਆਰੇ ਤਾਂ ਬੰਦ ਹਨ ਤਾਂ ਅਸੀਂ ਲੋਕਾਂ ਵਾਸਤੇ ਘਰੋਂ ਹੀ ਖਾਣਾ ਬਣਾ ਕੇ ਉਨ੍ਹਾਂ ਨੂੰ ਵੰਡੀਏ। ਇਸ ਲਈ ਉਨ੍ਹਾਂ ਵਿਸਾਖੀ ਵਾਲੇ ਦਿਨ ਇਕੱਠੇ ਹੋ ਕੇ ਤਕਰੀਬਨ 1500 ਲੋਕਾਂ ਦਾ ਖਾਣਾ ਬਣਾ ਕੇ ਲੌੜਵੰਦਾ ਨੂੰ ਵੰਡਿਆ।
ਇਸ ਦੇ ਨਾਲ ਹੀ ਜਿੱਥੇ-ਜਿੱਥੇ ਵੀ ਝੋਪੜ ਪੱਟੀਆਂ 'ਤੇ ਕੰਮ ਕਰਨ ਵਾਲੇ ਰਹਿੰਦੇ ਸਨ ਉਨ੍ਹਾਂ ਨੇ ਉਥੇ ਜਾ ਕੇ ਦੁਪਹਿਰ ਨੂੰ ਖਾਣਾ ਵੰਡਿਆ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਨ੍ਹਾਂ ਨੇ ਇਹ ਸੋਚ ਲਿਆ ਕਿ ਉਹ ਹਰ ਰੋਜ਼ ਕੁਝ ਨਾ ਕੁਝ ਲੋਕਾਂ ਨੂੰ ਖਾਣਾ ਖਵਾਉਣਗੇ। ਉਸ ਦਿਨ ਤੋਂ ਬਾਅਦ ਉਹ ਕਦੇ 800 ਤੇ ਕਦੇ 900 ਲੋਕਾਂ ਵਾਸਤੇ ਖਾਣਾ ਬਣਾ ਕੇ ਉਨ੍ਹਾਂ ਤੱਕ ਪਹੁੰਚਾਉਦੇ ਸਨ।
ਉਨ੍ਹਾਂ ਦੱਸਿਆ ਕਿ ਅੱਜ ਵੀ ਉਹ ਤਕਰੀਬਨ 1200 ਲੋਕਾਂ ਦਾ ਖਾਣਾ ਬਣਾ ਕੇ ਲੈ ਕੇ ਆਏ ਹਨ। ਜਿੱਥੇ-ਜਿੱਥੇ ਉਹ ਝੁੱਗੀਆਂ ਨੇ ਉੱਥੇ ਜਾ ਕੇ ਉਹ ਇਹ ਖਾਣਾ ਵੰਡ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਖਾਣੇ ਵਿੱਚ ਦਾਲ, ਚਾਵਲ, ਚਪਾਤੀ, ਸਬਜ਼ੀ ਅਤੇ ਬਿਸਕਿਟ ਲੈ ਕੇ ਆਉਂਦੇ ਹਨ। ਉਨ੍ਹਾਂ ਨੇ ਈਟੀਵੀ ਭਾਰਤ ਰਾਹੀਂ ਸਾਰੇ ਲੋਕਾਂ ਤੋਂ ਇਹ ਅਪੀਲ ਕੀਤੀ ਹੈ ਕਿ ਇਹ ਮਾੜੇ ਵਕਤ ਵਿੱਚ ਰਾਜਨੀਤੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਵਿਖਾਈਏ ਅਤੇ ਇਨਸਾਨੀਅਤ ਦੀ ਹੀ ਸੇਵਾ ਕਰੀਏ।