ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਹਾਮਾਰੀ ਦੇਸ਼ਭਰ ਵਿੱਚ ਫੈਲ ਗਈ ਹੈ। ਉੱਥੇ ਹੀ ਪੰਜਾਬ ਦੇ ਵਿੱਚ ਇਸ ਮਹਾਮਾਰੀ ਕਾਰਨ ਚੌਥੀ ਮੌਤ ਹੋ ਗਈ ਹੈ।
ਚੰਡੀਗੜ੍ਹ ਦੀ ਹੱਦ ਨਾਲ ਗਲਦੇ ਪਿੰਡ ਨਯਾਗਾਉਂ ਵਿਖੇ 63 ਸਾਲਾ ਬਜ਼ੁਰਗ ਓਮ ਪ੍ਰਕਾਸ਼ ਕੋਰੋਨਾ ਪਾਜੀਟਿਵ ਮਰੀਜ਼ ਮਿਲਿਆ ਸੀ। ਜਿਸ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ। ਬਜ਼ੁਰਗ ਦੀ ਮੌਤ ਤੋਂ ਬਾਅਦ ਨਯਾਗਾਉਂ 'ਚ ਪੈਂਦੇ ਦਸ਼ਮੇਸ਼ ਨਗਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਸਿਹਤ ਵਿਭਾਗ ਵੱਲੋਂ ਬਜ਼ੁਰਗ ਦੇ ਸੰਪਰਕ 'ਚ ਆਏ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਦੱਸਦਈਏ ਕਿ ਪੰਜਾਬ ਵਿੱਚ ਇਸ ਮਹਾਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 41 ਮਾਮਲੇ ਸਾਹਮਣੇ ਚੁੱਕੇ ਹਨ। ਇਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ ਹੈ ਅਤੇ ਇੱਕ ਮਰੀਜ਼ ਠੀਕ ਵੀ ਹੋਇਆ ਹੈ।
ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਪਿੰਡ ਪਠਲਾਵਾ ਦੇ 70 ਸਾਲਾ ਵਿਅਕਤੀ ਦੀ ਹੋਈ ਸੀ, ਜੋ ਕਿ ਇਟਲੀ ਤੋਂ ਆਇਆ ਸੀ। ਦੂਜੀ ਮੌਤ ਹੁਸ਼ਿਆਰਪੁਰ ਵਿੱਚ ਹੋਈ ਅਤੇ ਤੀਜੀ ਮੌਤ ਬੀਤੇ ਦਿਨ ਹੀ 42 ਸਾਲਾ ਮਹਿਲਾ ਦੀ ਹੋਈ ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਸੀ ਅਤੇ ਪਟਿਆਲਾ ਹਸਪਤਾਲ ਵਿੱਚ ਦਾਖਲ ਸੀ ਤੇ ਅੱਜ ਨਯਾਗਾਉਂ ਵਿਖੇ ਬਜ਼ੁਰਗ ਦੀ ਚੌਥੀ ਮੌਤ ਹੋਈ ਹੈ।