ਚੰਡੀਗੜ੍ਹ: ਇੱਕ ਬਜ਼ੁਰਗ ਵਿਅਕਤੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਕੋਠੀ ਬਾਹਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਨੇ ਮੁੱਖ ਮੰਤਰੀ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਵੱਲੋਂ ਤਕਨੀਕੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ 'ਤੇ ਉਸ ਦੇ ਪਿੰਡ ਦੀ 5 ਏਕੜ ਪੰਚਾਇਤੀ ਜ਼ਮੀਨ ਧੋਖੇ ਨਾਲ ਲਏ ਜਾਣ ਦੇ ਦੋਸ਼ ਲਗਾਏ ਗਏ ਹਨ।
ਪ੍ਰਦਰਸ਼ਨ ਕਰਨ ਵਾਲੇ ਬਜ਼ੁਰਗ ਦੀ ਪਛਾਣ ਕੁਲਵਿੰਦਰ ਸਿੰਘ, ਮੋਰਿੰਡਾ ਦੇ ਪਿੰਡ ਰਸੂਲਪੁਰ ਦੇ ਵਸਨੀਕ ਵਜੋਂ ਹੋਈ ਹੈ। ਕੁਲਵਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਦੇ ਪਿੰਡ ਦੀ ਪੰਚਾਇਤੀ 5 ਏਕੜ ਜ਼ਮੀਨੀ 'ਤੇ ਆਈਟੀਆਈ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ। ਜਦਕਿ ਉਸ ਜ਼ਮੀਨ 'ਤੇ ਪਹਿਲਾਂ ਤੋਂ ਹੀ ਸਰਪੰਚ ਵੱਲੋਂ ਕੀਤੇ ਘੁਟਾਲੇ ਦਾ ਕੇਸ ਚੱਲ ਰਿਹਾ ਹੈ।
ਪ੍ਰਦਰਸ਼ਨਕਾਰੀ ਮੁਤਾਬਕ ਤਕਨੀਕੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਦੇ ਲੋਕਾਂ ਨੂੰ ਧੋਖਾ ਦੇ ਕੇ ਜ਼ਮੀਨ ਹੜਪ ਲਈ ਗਈ ਹੈ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਵੱਲੋਂ ਜ਼ਮੀਨ ਦੇਣ ਤੋਂ ਪਹਿਲਾਂ ਲੋਕਾਂ ਨੂੰ ਪੁੱਛਿਆ ਜਾਂਦਾ ਹੈ, ਪਰ ਇਸ ਬਾਰੇ ਪਿੰਡ 'ਚ ਲੋਕਾਂ ਨੂੰ ਕੁੱਝ ਵੀ ਨਹੀਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਰਸੂਲਪੁਰ ਦੇ ਨੇੜਲੇ ਪਿੰਡਾਂ 'ਚ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਆਈਟੀਆਈ ਕੇਂਦਰ ਸਥਾਪਤ ਤਾਂ ਕੀਤੇ ਗਏ ਹਨ ਪਰ ਉਹ ਸਹੀ ਤਰ੍ਹਾਂ ਨਹੀਂ ਚਲਾਏ ਜਾ ਰਹੇ। ਉਨ੍ਹਾਂ ਕਿਹਾ ਕਿ ਜਲਦ ਹੀ ਪਿੰਡ ਵਾਸੀ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ 'ਚ ਪਟੀਸ਼ਨ ਦਾਖਲ ਕਰਨਗੇ। ਉਨ੍ਹਾਂ ਵੱਲੋਂ ਪਿੰਡ ਦੀ ਜ਼ਮੀਨ ਵਾਪਸ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।