ਚੰਡੀਗੜ੍ਹ: ਸੈਕਟਰ 37 ਵਿਖੇ ਸਥਿਤ ਬੀਜੇਪੀ ਦਫ਼ਤਰ ਦੇ ਬਾਹਰ ਐਨਐਸਯੂਆਈ (National students union of india) ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।
PPE ਕਿੱਟਾਂ ਪਾ ਕੇ ਪੰਜਾਬ ਦੇ ਵੱਖ-ਵੱਖ ਸੂਬਿਆਂ ਤੋਂ ਚੰਡੀਗੜ੍ਹ ਪਹੁੰਚੇ ਐਨਐਸਯੂਆਈ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉੱਥੇ ਹੀ ਬੀਜੇਪੀ ਪੰਜਾਬ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਜ਼ਹਿਰੀਲੀ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਐਨਐਸਯੂਆਈ ਦੇ ਪ੍ਰਦਰਸ਼ਨਕਾਰੀਆਂ ਨੇ ਅੱਧਾ ਘੰਟਾ ਦਫ਼ਤਰ 'ਚੋਂ ਨਹੀਂ ਨਿਕਲਣ ਦਿੱਤਾ।
ਹਾਲਾਂਕਿ 30 ਮਿੰਟ ਨਾਅਰੇਬਾਜ਼ੀ ਕਰਨ ਤੋਂ ਬਾਅਦ ਪਹੁੰਚੀ ਪੁਲਿਸ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਅਕਸ਼ੈ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਵਿਦਿਆਰਥੀਆਂ ਦੇ ਖਿਲਾਫ਼ ਹੈ ਤੇ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਭਾਜਪਾ ਨੂੰ ਵਿਦਿਆਰਥੀਆਂ ਦੀ ਗੱਲ ਮੰਨਣੀ ਚਾਹੀਦੀ ਸੀ ਜਿਵੇਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਿਨਾਂ ਕਿਸੇ ਰਿੱਟ ਪਟੀਸ਼ਨ ਤੋਂ ਬੱਚਿਆਂ ਨੂੰ ਪ੍ਰਮੋਟ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਪੰਜਾਬ ਭਾਜਪਾ ਦੇ ਸੀਨੀਅਰ ਲੀਡਰਸ਼ਿਪ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨਾਲ ਆ ਕੇ ਕੋਈ ਵੀ ਖੁੱਲ੍ਹੀ ਬਹਿਸ ਕਰ ਲਵੇ, ਉਹ ਤਿਆਰ ਹਨ ਪਰ ਇਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਲਈ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ।