ਪਟਿਆਲਾ: ਰੋਡ ਰੇਜ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਦੀ ਸੁਰੱਖਿਆ 'ਚ ਵੱਡੀ ਖਾਮੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ ਸਿੱਧੂ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਬਰਖਾਸਤ ਥਾਣੇਦਾਰ ਇੰਦਰਜੀਤ ਸਿੰਘ ਦੇ ਨਾਲ ਬੈਰਕ 'ਚ ਰੱਖ ਦਿੱਤਾ। ਪੁਲਿਸ ਨੇ ਇੰਦਰਜੀਤ ਕੋਲੋਂ ਨਸ਼ੀਲੇ ਪਦਾਰਥਾਂ ਸਮੇਤ ਏਕੇ-47 ਵੀ ਬਰਾਮਦ ਕੀਤੀ ਸੀ।
ਹਾਲਾਂਕਿ ਜਦੋਂ ਇਸ ਦਾ ਪਤਾ ਲੱਗਾ ਤਾਂ ਤੁਰੰਤ ਬਰਖਾਸਤ ਇੰਸਪੈਕਟਰ ਦੀ ਬੈਰਕ ਬਦਲ ਦਿੱਤੀ ਗਈ। ਸਿੱਧੂ ਲਈ ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਉਹ ਆਪਣੇ ਸਿਆਸੀ ਜੀਵਨ ਵਿੱਚ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਬੋਲਦੇ ਰਹੇ ਹਨ। ਉਧਰ ਮਾਮਲਾ ਜੇਲ੍ਹ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲੈ ਜਾਣ ਤੋਂ ਬਾਅਦ ਇਸ ਕੁਤਾਹੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜੇਲ ਕਰਮਚਾਰੀ ਹੈਰਾਨ, ਅਫਸਰ ਚੁੱਕ ਰਹੇ ਸਵਾਲ: ਸ਼ੁੱਕਰਵਾਰ ਨੂੰ ਜਦੋਂ ਨਵਜੋਤ ਸਿੱਧੂ ਨੂੰ ਇੰਦਰਜੀਤ ਸਿੰਘ ਨਾਲ ਬੰਦ ਕੀਤਾ ਗਿਆ ਸੀ ਤਾਂ ਅਧਿਕਾਰੀਆਂ ਦੇ ਇਸ ਫੈਸਲੇ ਤੋਂ ਜੇਲ੍ਹ ਸਟਾਫ ਵੀ ਹੈਰਾਨ ਰਹਿ ਗਿਆ ਸੀ। ਸਿੱਧੂ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਉਹ ਨਸ਼ਾ ਤਸਕਰਾਂ ਦੀ ਹਿੱਟ ਲਿਸਟ 'ਤੇ ਹਨ।
ਜਾਨ ਨੂੰ ਹੋ ਸਕਦਾ ਖਤਰਾ: ਪੁਲਿਸ ਅਧਿਕਾਰੀ ਵੀ ਮੰਨਦੇ ਹਨ ਕਿ ਸਿੱਧੂ ਨੂੰ ਪੰਜਾਬ ਦੇ ਇੱਕ ਨਸ਼ਾ ਤਸਕਰ ਕੋਲ ਰੱਖਣਾ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਹ ਹੀ ਖਤਰਾ ਬਿਕਰਮ ਮਜੀਠੀਆ ਨੂੰ ਵੀ ਮੰਨਿਆ ਜਾ ਰਿਹਾ ਹੈ। ਅਫਸਰਾਂ ਨੇ ਇਹ ਸਵਾਲ ਵੀ ਚੁੱਕਿਆ ਕਿ ਨਸ਼ਿਆਂ ਖਿਲਾਫ ਸਿੱਧੂ ਦੀ ਆਵਾਜ਼ ਨੂੰ ਦੇਖਦੇ ਹੋਏ ਨਸ਼ੇ ਦੇ ਮਾਮਲਿਆਂ 'ਚ ਉਨ੍ਹਾਂ ਨੂੰ ਇਕੱਠੇ ਨਹੀਂ ਰੱਖਿਆ ਜਾਣਾ ਚਾਹੀਦਾ ਸੀ।
ਸੁਰੱਖਿਆ ਪ੍ਰਬੰਧਾਂ ਦੀ ਢਿੱਲ: ਜੇਲ੍ਹ ਅਧਿਕਾਰੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦੇ ਹੀ ਇੰਦਰਜੀਤ ਸਿੰਘ ਦੀ ਬੈਰਕ ਬਦਲ ਦਿੱਤੀ ਗਈ, ਪਰ ਇਸ ਘਟਨਾ ਨੇ ਇੱਕ ਵਾਰ ਫਿਰ ਜੇਲ੍ਹ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਢਿੱਲ ਦਾ ਪਰਦਾਫਾਸ਼ ਕਰ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਅਕਸਰ ਹੀ ਨਸ਼ਿਆਂ ਖਿਲਾਫ ਬੋਲਦੇ ਰਹੇ ਹਨ ਅਤੇ ਉਨ੍ਹਾਂ ਦੀ ਬੈਰਕ 'ਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਮੁਲਜ਼ਮ ਦੀ ਮੌਜੂਦਗੀ ਖੁਦ ਹੀ ਜੇਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਰਹੀ ਹੈ।
ਕੌਣ ਹੈ ਇੰਦਰਜੀਤ ਸਿੰਘ: ਇੰਦਰਜੀਤ ਸਿੰਘ ਕਪੂਰਥਲਾ ਪੁਲਿਸ ਵਿੱਚ ਸੀਆਈਏ ਦਾ ਇੰਸਪੈਕਟਰ ਸੀ। ਉਸ ਦੇ ਘਰ ਤੋਂ ਸਪੈਸ਼ਲ ਟਾਸਕ ਫੋਰਸ ਨੂੰ 2017 'ਚ ਏ.ਕੇ.-47 ਵੀ ਮਿਲੀ ਸੀ। ਇਸ ਤੋਂ ਇਲਾਵਾ ਉਸ ਕੋਲੋਂ 4 ਕਿਲੋ ਹੈਰੋਇਨ, 3 ਕਿਲੋ ਸਮੈਕ ਅਤੇ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਸਨ। ਉਸ ਦੇ ਨਾਲ ਕਈ ਹੋਰ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ।
ਰੋਡਰੇਜ਼ ਮਾਮਲੇ 'ਚ ਜੇਲ੍ਹ 'ਚ ਹਨ ਸਿੱਧੂ: ਦੱਸ ਦਈਏ ਕਿ 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਇਕ ਸਾਲ ਦੀ ਸਜ਼ਾ ਸੁਣਾਈ ਹੈ। ਜਿਸ ਤੋਂ ਬਾਅਦ ਸਿੱਧੂ ਨੇ ਸ਼ੁੱਕਰਵਾਰ ਨੂੰ ਪਟਿਆਲਾ ਕੋਰਟ 'ਚ ਆਤਮ ਸਮਰਪਣ ਕਰ ਦਿੱਤਾ ਸੀ। ਸਿੱਧੂ ਦੀ 1988 ਵਿੱਚ ਪਟਿਆਲਾ ਵਿੱਚ ਬਜ਼ੁਰਗ ਗੁਰਨਾਮ ਸਿੰਘ ਨਾਲ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸਿੱਧੂ ਨੂੰ ਸਿਰਫ਼ ਇੱਕ ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਪੀੜਤ ਪਰਿਵਾਰ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਹੁਣ ਉਨ੍ਹਾਂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਨਹੀਂ ਖਾਧੀ ਜੇਲ੍ਹ ਦੀ ਦਾਲ ਰੋਟੀ ! ਸਿੱਧੂ ਦੇ ਵਕੀਲ ਦਾ ਵੱਡਾ ਬਿਆਨ