ਚੰਡੀਗੜ੍ਹ: ਮੋਹਾਲੀ ਵਿੱਚ ਦੁਕਾਨਦਾਰਾਂ ਨੇ ਇੱਕ ਅਲੱਗ ਤਰੀਕੇ ਦੇ ਨਾਲ ਕਿਸਾਨਾ ਨੂੰ ਸਮਰਥਨ ਦਿੰਦਿਆਂ ਆਪਣੀਆਂ ਦੁਕਾਨਾਂ ਦੇ ਬਾਹਰ ਪੋਸਟਰ ਲਾਏ ਜਿਸ ਵਿੱਚ ਲਿਖਿਆ ਕਿ ਸਾਡੀਆਂ ਦੁਕਾਨਾਂ 'ਤੇ ਜੀਓ ਸਿਮ ਦਾ ਰੀਚਾਰਜ ਕਰਨ ਵਾਲੇ ਲੋਕ ਨਾ ਆਉਣ। ਨਾਲ ਇਹ ਵੀ ਲਿਖਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਵਿੱਚ ਅੰਧ ਭਗਤ ਵੀ ਨਾ ਆਉਣ। ਕਿਸਾਨਾਂ ਦੇ ਹੱਕ ਵਿੱਚ ਮੋਹਾਲੀ ਦੀ 3B2 ਮਾਰਕੀਟ ਵਿਖੇ ਇਹ ਪੋਸਟਰ ਦਿਖਾਈ ਦੇ ਰਹੇ ਹਨ।
ਦੁਕਾਨਦਾਰਾਂ ਨੇ ਕਿਹਾ ਕਿ ਸਾਡਾ ਜ਼ਮੀਰ ਜਾਗ ਰਿਹਾ ਹੈ ਇਸ ਕਰਕੇ ਅਸੀਂ ਕਿਸਾਨਾਂ ਦੇ ਹੱਕ ਵਿੱਚ ਇਹ ਪੋਸਟਰ ਲਾਏ ਹਨ। ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਕਿਸਾਨ ਅੰਦੋਲਨ ਵਿੱਚ ਵੀ ਗਏ ਸੀ ਪਰ ਜ਼ਿਆਦਾ ਸਮਾਂ ਅੰਦੋਲਨ ਵਿੱਚ ਨਹੀਂ ਦੇ ਸਕੇ ਜਿਸ ਕਰਕੇ ਹੁਣ ਆਪਣੀਆਂ ਦੁਕਾਨਾਂ 'ਤੇ ਬੈਠ ਕੇ ਅਸੀਂ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ।
ਦੁਕਾਨਦਾਰਾਂ ਨੇ ਦੱਸਿਆ ਕਿ ਰਿਲਾਇੰਸ ਵੱਲੋਂ ਪਹਿਲਾਂ ਜਿਵੇਂ ਜੀਓ ਸਿਮ ਫ੍ਰੀ ਵੰਡ ਕੇ ਆਪਣੀ ਮਨੋਪਲੀ ਬਣਾਈ ਗਈ ਸੀ ਅਤੇ ਉਸੇ ਤਰੀਕੇ ਨਾਲ ਹੀ ਕਿਸਾਨੀ ਵਿੱਚ ਵੀ ਹੋਣ ਜਾ ਰਿਹਾ ਹੈ। ਹੁਣ ਲੋਕ ਸਭ ਸਮਝਾ ਚੁੱਕੇ ਹਨ ਪਰ ਅੰਧ ਭਗਤ ਅਜੇ ਵੀ ਆਪਣੀ ਹੀ ਗੱਲ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਜ਼ਮੀਰ ਖ਼ਤਮ ਹੋ ਚੁੱਕਿਆ ਹੈ। ਦੁਕਾਨਦਾਰਾਂ ਨੇ ਕਿਹਾ ਕਿ ਜੀਓ ਸਿਮ ਦਾ ਬਾਈਕਾਟ ਦੀ ਕਾਲ ਤੋਂ ਬਾਅਦ ਬਹੁਤ ਸਾਰੇ ਲੋਕ ਆਪਣਾ ਜੀਓ ਦਾ ਨੰਬਰ ਪੋਰਟ ਕਰਵਾਉਣ ਵਾਸਤੇ ਆ ਰਹੇ ਹਨ।