ਡੇਰਾਬੱਸੀ: ਡੇਰਾਬੱਸੀ-ਬਰਵਾਲਾ ਰੋਡ 'ਤੇ ਚੰਡੀਗੜ੍ਹ ਅਪਾਰਟਮੈਂਟ ਦੇ ਵਿੱਚ ਪਿਛਲੇ ਦਿਨੀਂ ਕੁਝ ਲੋਕਾਂ ਨੇ ਬਿਲਡਰ ਦੇ ਨਾਲ ਮਿਲ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸਿਸ਼ ਕੀਤੀ ਜਿਸ ਨੂੰ ਹਲਕਾ ਵਿਧਾਇਕ ਐੱਨ ਕੇ ਸ਼ਰਮਾ ਤੇ ਲੋਕਾਂ ਨੇ ਮਿਲ ਕੇ ਰੁਕਵਾ ਦਿੱਤਾ।
ਐਡਵੋਕੇਟ ਮੁਕੇਸ਼ ਗਾਂਧੀ ਨੇ ਦੱਸਿਆ ਕਿ ਜਦੋਂ ਇਹ ਕਬਜ਼ਾ ਬਿਲਡਰ ਦੇ ਨਾਲ ਮਿਲ ਕੇ ਕੁੱਝ ਕਾਂਗਰਸੀ ਲੀਡਰ ਇੱਥੇ ਕਰਵਾ ਰਹੇ ਸਨ ਉਦੋਂ ਅਸੀਂ ਸੁਸਾਇਟੀ ਦੇ ਲੋਕਾਂ ਨੇ ਮਿਲ ਕੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਇਸ ਮਾਮਲੇ 'ਚ ਕੁਝ ਕਾਂਗਰਸ ਲੀਡਰ ਸ਼ਾਮਲ ਹਨ ਜਿਸ ਕਾਰਨ ਕੋਈ ਸਰਕਾਰੀ ਅਫ਼ਸਰ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਅਪਾਰਟਮੈਂਟ ਦੇ ਵਿੱਚ ਪਬਲਿਕ ਪਾਰਕ ਤੇ ਕਮਿਊਨਿਟੀ ਸੈਂਟਰ ਲਈ ਜਗ੍ਹਾ ਅਲਾਟ ਹੋਈ ਸੀ ਜਿਸ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਡੇਰਾਬੱਸੀ ਨਗਰ ਪ੍ਰੀਸ਼ਦ ਦਾ ਨਕਸ਼ਾ ਦਿਖਾਉਂਦੇ ਹੋਏ ਕਿਹਾ ਕਿ ਇਹ ਨਕਸ਼ਾ 2012 ਦੇ ਵਿੱਚ ਮਿਊਂਸੀਪਲ ਕਮੇਟੀ ਨੇ ਮਨਜ਼ੂਰ ਕੀਤਾ ਗਿਆ ਸੀ ਅਤੇ ਇਸ ਨਕਸ਼ੇ ਦੇ ਤਹਿਤ ਜੋ ਵੀ ਕੋਈ ਇਸ ਇਲਾਕੇ ਦੇ ਵਿੱਚ ਕੋਈ ਉਸਾਰੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਲਈ ਪਹਿਲਾਂ ਮਿਊਂਸੀਪਲ ਕਮੇਟੀ ਤੋਂ ਇਜਾਜ਼ਤ ਲੈਣੀ ਹੁੰਦੀ ਹੈ।
ਮੌਕੇ 'ਤੇ ਪਹੁੰਚੇ ਹਲਕਾ ਡੇਰਾਬੱਸੀ ਦੇ ਵਿਧਾਇਕ ਐੱਨ ਕੇ ਸ਼ਰਮਾ ਨੇ ਦੱਸਿਆ ਕਿ ਕਾਂਗਰਸ ਦੇ ਲੀਡਰ ਡੇਰਾਬੱਸੀ ਹਲਕੇ 'ਚ ਵੱਖ-ਵੱਖ ਥਾਵਾਂ 'ਤੇ ਕਰੋੜਾਂ ਰੁਪਏ ਦੀ ਜ਼ਮੀਨਾਂ 'ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਡੇਰਾਬੱਸੀ ਦੇ ਲੋਕਾਂ ਨੇ ਉਨ੍ਹਾਂ ਨੂੰ ਵਿਧਾਇਕ ਬਣਾਇਆ ਹੈ ਤੇ ਉਹ ਡੇਰਾਬੱਸੀ ਦੇ ਲੋਕਾਂ ਨਾਲ ਕੋਈ ਧੱਕਾ ਨਹੀਂ ਹੋਣ ਦੇਣਗੇ।
ਉਥੇ ਹੀ ਚੰਡੀਗੜ੍ਹ ਅਪਾਰਟਮੈਂਟ ਦੀ ਇੱਕ ਰੈਜ਼ੀਡੈਂਟ ਨੇ ਦੱਸਿਆ ਕਿ ਪਿਛਲੇ ਦਿਨੀਂ ਕਮਿਊਨਿਟੀ ਸੈਂਟਰ ਅਤੇ ਪਾਰਕ ਦੀ ਥਾਂ 'ਤੇ ਕੁਝ ਲੋਕਾਂ ਨੇ ਅਪਾਰਟਮੈਂਟ ਦੇ ਬਿਲਡਰ ਦੇ ਨਾਲ ਮਿਲ ਕੇ ਉਸਾਰੀ ਸ਼ੁਰੂ ਕਰ ਦਿੱਤੀ ਸੀ ਜਦੋਂ ਅਪਾਰਟਮੈਂਟ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਸਰਕਾਰੀ ਟਿਊਬਵੈੱਲ ਲਗਵਾਉਣ ਲਈ ਇਹ ਉਸਾਰੀ ਕਰ ਰਹੇ ਹਨ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਾਰਕ ਅਤੇ ਕਮਿਊਨਿਟੀ ਸੈਂਟਰ 'ਤੇ ਕਿਉਂ ਕਬਜ਼ਾ ਕੀਤਾ ਜਾ ਰਿਹਾ ਹੈ ਤਾਂ ਉਹ ਕੋਈ ਜਵਾਬ ਨਹੀਂ ਦੇ ਸਕੇ। ਇਸ ਕਰਕੇ ਲੋਕਾਂ ਨੇ ਇਕੱਠੇ ਹੋ ਕੇ ਇੱਥੇ ਵਿਧਾਇਕ ਐੱਨ ਕੇ ਸ਼ਰਮਾ ਨੂੰ ਬੁਲਾਇਆ ਅਤੇ ਉਸ ਤੋਂ ਬਾਅਦ ਇਹ ਕੰਮ ਬੰਦ ਹੋਇਆ।