ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਵੀ ਜ਼ੋਰਦਾਰ ਹੰਗਾਮਾ ਹੋਇਆ। ਬੁੱਧਵਾਰ ਨੂੰ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸਦਨ 'ਚ ਦਲਿਤ ਵਰਗ ਨਾਲ ਸਬੰਧਤ ਵਿਦਿਆਰਥੀਆਂ ਦੇ ਵਜ਼ੀਫੇ ਤੇ ਡਿਗਰੀਆਂ ਦਾ ਮੁੱਦਾ ਚੁੱਕਿਆ। ਮਾਮਲਾ ਇੰਨ੍ਹਾ ਗਰਮਾ ਗਿਆ ਕਿ ਟੀਨੂੰ ਪਲੇਕਾਰਡ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਕੋਲ ਪਹੁੰਚ ਗਏ।
ਉਥੇ ਮਨਪ੍ਰੀਤ ਬਾਦਲ ਤੇ ਟੀਨੂੰ ਵਿਚਾਲੇ ਤਲਖ਼ੀ ਵੱਧ ਗਈ। ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਪਵਨ ਟੀਨੂੰ ਨੇ ਉਨ੍ਹਾਂ ਲਈ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਜਦਕਿ ਟੀਨੂੰ ਵੀ ਇਹੀ ਕਹਿ ਰਹੇ ਹਨ ਕਿ ਮਨਪ੍ਰੀਤ ਬਾਦਲ ਨੇ ਉਨ੍ਹਾਂ ਲਈ ਗ਼ਲਤ ਸ਼ਬਦ ਵਰਤੇ।
ਇਸ ਤੋਂ ਬਾਅਦ ਕੁਲਬੀਰ ਜ਼ੀਰਾ ਤੇ ਬਰਿੰਦਰਮੀਤ ਸਿੰਘ ਪਾਹੜਾ ਟੀਨੂੰ ਵੱਲ ਵਧੇ, ਮਾਮਲਾ ਧੱਕਾ-ਮੁੱਕੀ ਤੱਕ ਪਹੁੰਚ ਗਿਆ। ਸਪੀਕਰ ਨੇ 15 ਮਿੰਟ ਲਈ ਹਾਊਸ ਮੁਲਤਵੀ ਕਰ ਦਿੱਤਾ। ਇਸ ਦੇ ਬਾਵਜੂਦ ਮਾਮਲਾ ਭਖਿਆ ਰਿਹਾ।
ਦੂਜੇ ਪਾਸੇ, ਬਿਕਰਮ ਮਜੀਠੀਆ ਨੇ ਕਿਹਾ ਕਿ ਜੇ ਇੱਕ ਵਿਧਾਇਕ ਆਪਣੇ ਲੋਕਾਂ ਦੀ ਗੱਲ ਸਦਨ 'ਚ ਨਹੀਂ ਰੱਖੇਗਾ ਤਾਂ ਫਿਰ ਕਿਥੇ ਰੱਖੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਗਾਲ੍ਹ ਟੀਨੂੰ ਨੂੰ ਨਹੀਂ ਬਲਕਿ ਪੂਰੇ ਦਲਿਤ ਸਮਾਜ ਨੂੰ ਕੱਢੀ ਹੈ।
ਉਧਰ ਕਾਂਗਰਸ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਤੇ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਪਵਨ ਕੁਮਾਰ ਟੀਨੂੰ ਨੇ ਮਨਪ੍ਰੀਤ ਬਾਦਲ ਲਈ ਮਾੜੇ ਸ਼ਬਦ ਵਰਤੇ। ਜਿਸ ਤੋਂ ਬਾਅਦ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ ਟੀਨੂੰ ਖ਼ਿਲਾਫ਼ ਨਿੰਦਾ ਪ੍ਰਸਤਾਵ ਲਿਆਉਣ ਦਾ ਵੀ ਮਤਾ ਰੱਖਿਆ ਸੀ। ਪਵਨ ਟੀਨੂੰ ਦਾ ਮਾਮਲਾ ਪੰਜਾਬ ਵਿਧਾਨ ਸਬਾ ਪ੍ਰਿਵਿਲੇਜ ਕਮੇਟੀ ਨੂੰ ਦਿੱਤਾ ਗਿਆ ਹੈ।