ਚੰਡੀਗੜ੍ਹ: ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹਿਬਲਾ ਕਲਾਂ ਅਤੇ ਕੋਟਕਪੂਰ ਗੋਲੀਕਾਂਡ ਮਾਮਲੇ ਸਬੰਧੀ ਚਿੱਠੀ ਲਿਖੀ ਗਈ ਹੈ। ਚਿੱਠੀ ਲਿਖ ਕੁੰਵਰ ਵਿਜੇ ਪ੍ਰਤਾਪ ਨੇ ਬਹਿਬਲਾ ਕਲਾਂ ਅਤੇ ਕੋਟਕਪੂਰ ਗੋਲੀਕਾਂਡ ਮਾਮਲੇ ਸਬੰਧੀ ਚਲ ਰਹੇ ਮਾਮਲਿਆਂ ਅਤੇ ਪਟੀਸ਼ਨਾਂ ਨੂੰ ਸਹੀ ਢੰਗ ਨਾਲ ਦੇਖਣ ਦੀ ਗੱਲ ਆਖੀ ਹੈ। ਇਸ ਚਿੱਠੀ ਨਾਲ ਉਨ੍ਹਾਂ ਨੇ ਆਪਣੀ ਹੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਵਾਲ ਖੜੇ ਕਰ ਦਿੱਤੇ ਹਨ।
ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਨੇ ਸੀਐੱਮ ਨੂੰ ਭੇਜੀ ਚਿੱਠੀ ’ਚ ਲਿਖਿਆ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਵਿਖੇ ਬਹਿਬਲਾ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਸਬੰਧੀ ਕਈ ਮਾਮਲੇ ਅਤੇ ਰਿਟ ਪਟੀਸ਼ਨ ਪੈਡਿੰਗ ਹਨ। ਇਨ੍ਹਾਂ ਸਬੰਧੀ ਉਨ੍ਹਾਂ ਨੂੰ ਇੱਕ ਮਾਧਿਅਮ ਜ਼ਰੀਏ ਪਤਾ ਚੱਲਿਆ ਹੈ ਕਿ ਸਰਕਾਰ ਵੱਲੋਂ ਇਨ੍ਹਾਂ ਪੈਡਿੰਗ ਮਾਮਲਿਆਂ ਅਤੇ ਰਿਟ ਪਟੀਸ਼ਨਾਂ ਨੂੰ ਸਹੀ ਢੰਗ ਨਾਲ ਨਹੀਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਫਰੀਦਕੋਟ ਸੈਸ਼ਨ ਕੋਰਟ ਚ ਚੱਲ ਰਹੇ ਕੇਸ ਵੀ ਅੱਗੇ ਵਧ ਨਹੀਂ ਰਹੇ ਹਨ। ਪਹਿਲਾਂ ਵੀ ਇਸੇ ਤਰ੍ਹਾਂ ਕਾਰਨ ਹੀ ਉਨ੍ਹਾਂ ਨੇ 9 ਅਪ੍ਰੈਲ 2021 ਨੂੰ ਆਈਪੀਐਸ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਉਨ੍ਹਾਂ ਆਪਣੀ ਚਿੱਠੀ ’ਚ ਅੱਗੇ ਕਿਹਾ ਮੁਲਜ਼ਮ ਕਾਫੀ ਕੋਸ਼ਿਸ਼ ਕਰ ਰਹੇ ਹਨ ਕਿ ਫਰੀਦਕੋਟ ਸੈਸ਼ਨ ਕੋਰਟ ਚ ਚੱਲ ਰਹੀ ਜਾਂਚ ਅਤੇ ਸੁਣਵਾਈ ਤੋਂ ਖੁਦ ਨੂੰ ਬਰੀ ਕਰਵਾਉਣ ਲਈ ਜੁੱਟੇ ਹੋਏ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ 20 ਮਈ 2022 ਨੂੰ ਪੰਜਾਬ ਹਰਿਆਣਾ ਹਾਈਕੋਰਟ ਚ ਕਈ ਮਾਮਲੇ ਸੁਣੇ ਜਾਣੇ ਹਨ ਇੱਕ ਪਾਸੇ ਮਾਮਲਿਆਂ ਦੀ ਸੁਣਵਾਈ ਸੈਸ਼ਨ ਕੋਰਟ ਚ ਚਲ ਰਹੀ ਹੈ ਅਤੇ ਦੂਜੇ ਪਾਸੇ ਮੁਲਜ਼ਮਾਂ ਵੱਲੋਂ ਸਿਵਲ ਲਿਟਿਗੇਸ਼ਨ ਦਾਖਿਲ ਕੀਤੀ ਗਈ ਹੈ ਜੋ ਮੁਲਜ਼ਮਾਂ ਦੀ ਮੰਸ਼ਾਂ ਨੂੰ ਸਾਫ ਜ਼ਾਹਿਰ ਕਰ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਅਸਤੀਫੇ ਦੇਣ ਤੋਂ ਬਾਅਦ ਐਸਆਈਟੀ ਵੱਲੋਂ ਕੁਝ ਨਹੀਂ ਕੀਤਾ ਗਿਆ ਅਤੇ ਇਨ੍ਹਾਂ ਮਾਮਲਿਆਂ ਦਾ ਸਿੱਟਾ ਨਹੀਂ ਕੱਢਿਆ। ਜਿਸ ਦੇ ਚੱਲਦੇ ਉਨ੍ਹਾਂ ਨੇ ਮਾਨ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਹਾਈਕੋਰਟ ਚ ਦਾਖਿਲ ਕੀਤੀਆਂ ਗਈਆਂ ਪਟੀਸ਼ਨ ਦੇ ਖਿਲਾਫ ਖੜੇ ਹੋਣ ਅਤੇ ਫਰੀਦਕੋਟ ਸੈਸ਼ਨ ਕੋਰਟ ’ਚ ਚੱਲ ਰਹੀ ਸੁਣਵਾਈ ਨੂੰ ਅੱਗੇ ਵਧਾਉਣ।
ਇਹ ਵੀ ਪੜੋ: ਘਰ ਨੂੰ ਲੱਗੀ ਅੱਗ ਕਾਰਨ 2 ਮਾਸੂਮ ਪੁੱਤਰਾਂ ਸਮੇਤ ਜ਼ਿੰਦਾ ਸੜਿਆ ਪਿਓ, ਮਾਂ ਦੀ ਹਾਲਤ ਗੰਭੀਰ
ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਨੇ ਇਹ ਚਿੱਠੀ ਸੀਐੱਮ ਭਗਵੰਤ ਮਾਨ ਨੂੰ ਲਿਖਣ ਦੇ ਨਾਲ ਨਾਲ ਪੰਜਾਬ ਵਿਧਾਨਸਭਾ ਦੇ ਸਪੀਕਰ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਜਰਨੈਲ ਸਿੰਘ ਨੂੰ ਚਿੱਠੀ ਦੀ ਕਾਪੀ ਦਿੱਤੀ ਹੈ। ਆਪਣੀ ਇਸ ਚਿੱਠੀ ਨਾਲ ਜਿੱਥੇ ਉਨ੍ਹਾਂ ਨੇ ਆਪਣੀ ਹੀ ਸਰਕਾਰ ਤੇ ਸਵਾਲ ਖੜੇ ਕਰ ਦਿੱਤੇ ਹਨ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਸਿਆਸੀ ਪਾਰਾ ਵਧਾ ਦਿੱਤਾ ਹੈ।