ਚੰਡੀਗੜ੍ਹ: ਪੰਜਾਬ ਦੇ ਵਿੱਚ ਸਰਵਹਿੱਤਕਾਰੀ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਸੋਧਤ ਨਾਗਰਿਕਤਾ ਕਾਨੂੰਨ ਦੇ ਹੱਕ ਵਿੱਚ ਸਕੂਲੀ ਬੱਚਿਆਂ ਤੋਂ ਦਸਤਖ਼ਤ ਕਰਵਾਏ ਜਾਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੂੰ ਇੱਕ ਚਿੱਠੀ ਲਿਖ ਸਰਵਹਿੱਤਕਾਰੀ ਸਕੂਲਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਦਰਅਸਲ ਢਿੱਲੋਂ ਦੇ ਇਲਜ਼ਾਮ ਨੇ ਕੀ ਸਰਵਹਿੱਤਕਾਰੀ ਸਕੂਲਾਂ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿੱਚ ਬੱਚਿਆਂ ਕੋਲੋਂ ਦਸਤਖਤ ਕਰਵਾਏ ਜਾ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਾਲ ਭੋਲੇ ਭਾਲੇ ਬੱਚਿਆਂ ਨੂੰ ਆਪਣੇ ਫਾਇਦੇ ਲਈ ਵਰਤਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਸਰਵਹਿੱਤਕਾਰੀ ਸਕੂਲਾਂ ਦੇ ਪ੍ਰਬੰਧਕ ਮਾਸੂਮ ਬੱਚਿਆਂ ਦੇ ਮਨ ਵਿੱਚ ਇਸ ਤਰ੍ਹਾਂ ਦੇ ਫਿਰਕੂ ਕਾਨੂੰਨ ਰਾਹੀ ਨਫਰਤ ਫੈਲਾ ਰਹੇ ਹਨ।ਜਿਸ ਨਾਲ ਇਨ੍ਹਾਂ ਬੱਚਿਆਂ ਦੇ ਦਿਮਾਗਾਂ ਅੰਦਰ ਧਾਰਮਿਕ ਨਫਰਤ ਪੈਦਾ ਹੁੰਦੀ ਹੈ।
ਜਿਸ ਨੂੰ ਲੈ ਕੇ ਉਨ੍ਹਾਂ ਨੇ ਇੱਕ ਚਿੱਠੀ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ ਕਾਰਵਾਈ ਕੀਤੀ ਜਾਵੇ।ਇਸ ਚਿੱਠੀ ਦੇ ਜਵਾਬ ਵਜੋਂ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਕਾਨੂੰਨੀ ਪ੍ਰਕਿਰਿਆ ਤਹਿਤ ਜੋ ਵੀ ਬਣਦੀ ਕਾਰਵਾਈ ਹੈ, ਉਹ ਕਰਨਗੇ ।
ਦੱਸ ਦਈਏ ਕਿ ਸੂਬੇ ਦੇ ਵਿੱਚ ਨਾਗਰਿਕਤਾ ਸੋਧ ਨੂੰ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਤਾ ਪਾਸ ਕੀਤਾ ਗਿਆ ਸੀ।ਇਸ ਤੋਂ ਪਹਿਲਾ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਵਿਖੇ ਵੀ ਸਰਵਹਿੱਤਕਾਰੀ ਸਕੂਲ ਦੇ ਪ੍ਰਬੰਧਕਾਂ ਵਲੋਂ ਬੱਚਿਆਂ ਤੋਂ CAA ਦੇ ਹੱਕ ਵਿੱਚ ਦਸਤਖਤ ਕਰਵਾਏ ਜਾ ਰਹੇ ਸੀ ਪਰ ਇਸ ਦਾ ਵਿਰੋਧ ਮਾਪਿਆਂ ਅਤੇ ਆਮ ਲੋਕਾਂ ਵਲੋਂ ਹੋਣ 'ਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।