ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਬਣ ਕੇ ਨਹੀਂ ਬਲਕਿ ਆਮ ਆਦਮੀ ਬਣ ਕੇ ਸਿੰਧੂ ਬਾਰਡਰ ਉੱਤੇ ਜਾ ਕੇ ਅੱਧਾ ਪੌਣਾ ਘੰਟਾ ਕਿਸਾਨਾਂ ਦੇ ਨਾਲ ਬੈਠ ਕੇ ਵਾਪਸ ਆਉਣਾ ਚਾਹੁੰਦਾ ਸੀ ਪਰ ਮੈਨੂੰ ਜਾਣ ਨਹੀਂ ਦਿੱਤਾ ਗਿਆ।
ਕੇਂਦਰ ਸਰਕਾਰ ਨੇ ਦਿੱਲੀ 'ਚ 9 ਸਟੇਡੀਅਮਾਂ ਨੂੰ ਜੇਲ੍ਹ ਬਣਾਉਣ ਦੀ ਇਜਾਜ਼ਤ ਮੰਗੀ ਸੀ ਅਤੇ ਦਬਾਅ ਬਣਾਇਆ ਸੀ ਪਰ ਮੈਂ ਇਨਕਾਰ ਕਰ ਦਿੱਤਾ ਸੀ। ਸਾਨੂੰ ਪਤਾ ਸੀ ਕਿ ਜੇਕਰ ਸਟੇਡੀਅਮ ਨੂੰ ਜੇਲ੍ਹ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਤਾਂ ਉਹ ਕਿਸਾਨਾਂ ਨੂੰ ਜੇਲ੍ਹ ਵਿੱਚ ਸੁੱਟ ਦੇਣਗੇ ਅਤੇ ਕਿਸਾਨਾਂ ਦਾ ਅੰਦੋਲਨ ਕਮਜ਼ੋਰ ਹੋ ਜਾਵੇਗਾ। ਸਟੇਡੀਅਮ ਨੂੰ ਜੇਲ੍ਹ ਬਣਾਉਣ ਦੀ ਇਜਾਜ਼ਤ ਨਹੀਂ ਦੇਣ ਕਾਰਨ ਕਿਸਾਨਾਂ ਦੇ ਅੰਦੋਲਨ ਨੂੰ ਕਾਫ਼ੀ ਮਦਦ ਮਿਲੀ ਹੈ ਅਤੇ ਉਸ ਸਮੇਂ ਤੋਂ ਹੀ ਕੇਂਦਰ ਸਰਕਾਰ ਨਾਰਾਜ਼ ਹੈ। ਉਹ ਨਹੀਂ ਚਾਹੁੰਦੇ ਸੀ ਕਿ ਮੈਂ ਕਿਸੇ ਵੀ ਤਰ੍ਹਾਂ ਬਾਹਰ ਆਵਾਂ ਤੇ ਕਿਸਾਨਾਂ ਦੇ ਵਿਚਕਾਰ ਇਨ੍ਹਾਂ ਦਾ ਸਮਰਥਨ ਕਰਾਂ। ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ੍ਹੇਗੀ ਅਤੇ ਐੱਮਐੱਸਪੀ ਉੱਤੇ ਕਨੂੰਨ ਬਣਾਵੇਗੀ ਤਾਂ ਜੋ ਸਾਡੇ ਕਿਸਾਨਾਂ ਨੂੰ ਕੜਾਕੇ ਦੀ ਠੰਢ ਵਿੱਚ ਹੋਰ ਜ਼ਿਆਦਾ ਨਾ ਬੈਠਣਾ ਪਵੇ।
ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੀ ਮੱਦਦ ਕਰਨੀ ਚਾਹੀਦੀ ਹੈ ਤੇ ਬਿਲਕੁਲ ਸੇਵਾ ਭਾਵ ਨਾਲ ਜਦੋਂ ਤੱਕ ਕਿਸਾਨ ਬੈਠੇ ਹਨ ਉਦੋਂ ਤੱਕ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ। ਸਾਰੇ ਦਿਨ ਦੀ ਮੁਸ਼ੱਕਤ ਤੋਂ ਮਗਰੋਂ ਦੇਰ ਸ਼ਾਮ ਪਾਰਟੀ ਦੇ ਆਗੂ ਕੇਜਰੀਵਾਲ ਨੂੰ ਮਿਲੇ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪਾਰਟੀ ਆਗੂਆਂ ਅਤੇ ਵਾਲੰਟੀਅਰਾਂ ਨੂੰ ਸੰਬੋਧਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਮੈਨੂੰ ਬੇਹੱਦ ਖੁਸ਼ੀ ਹੈ ਕਿ ਸਾਰਾ ਦੇਸ਼ ਕਿਸਾਨਾਂ ਦੇ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਇੱਕਜੁੱਟ ਹੋ ਗਿਆ ਹੈ। ਅੱਜ ਮੈਂ ਵੀ ਕੁਝ ਸਮੇਂ ਲਈ ਮੁੱਖ ਮੰਤਰੀ ਨਾ ਹੋ ਕੇ ਆਮ ਆਦਮੀ ਬਣ ਕੇ ਬਾਰਡਰ 'ਤੇ ਜਾਣਾ ਚਾਹੁੰਦਾ ਸੀ ਅਤੇ ਆਪਣਾ ਸਮਰਥਨ ਕਿਸਾਨਾਂ ਨੂੰ ਦੇਣਾ ਚਾਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਉਨ੍ਹਾਂ ਦੀ ਯੋਜਨਾ ਸਰਕਾਰ ਨੂੰ ਪਤਾ ਲੱਗਾ ਜਿਸ ਕਾਰਨ ਉਨ੍ਹਾਂ ਨੂੰ ਘਰੋਂ ਨਹੀਂ ਨਿਕਲਣ ਦਿੱਤਾ ਪਰ ਫਿਰ ਵੀ ਉਹ ਘਰ ਬੈਠ ਕੇ ਹੀ ਭਗਵਾਨ ਨੂੰ ਪ੍ਰਾਰਥਨਾ ਕਰ ਰਹੇ ਹਨ ਕਿ ਇਹ ਅੰਦੋਲਨ ਆਮ ਲੋਕਾਂ ਦਾ ਹੈ ਇਸ ਲਈ ਸਫਲ ਹੋਵੇ।
ਕੇਜਰੀਵਾਲ ਨੇ ਕਿਹਾ ਕਿ ਮੈਂ ਸਾਰੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਦੇ ਹੌਂਸਲੇ ਨਾਲ ਇਹ ਅੰਦੋਲਨ ਸਫ਼ਲ ਹੋਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਾਰੇ ਵਿਧਾਇਕ ਮੰਤਰੀ ਅਤੇ ਆਮ ਲੋਕ ਰੋਜ਼ ਜਾ ਕੇ ਕਿਸਾਨਾਂ ਦੇ ਸੇਵਾਦਾਰ ਬਣ ਕੇ ਕਾਰਜ ਕਰ ਰਹੇ ਹਨ। ਪਾਰਟੀ ਦੇ ਵਰਕਰਾਂ ਨੂੰ ਇਹ ਸਪੱਸ਼ਟ ਕਿਹਾ ਗਿਆ ਕਿ ਪਾਰਟੀ ਦਾ ਕੋਈ ਵੀ ਝੰਡਾ ਟੋਪੀ ਨਹੀਂ ਵਰਤਿਆ ਜਾਵੇਗਾ ਤੇ ਉਥੇ ਆਮ ਆਦਮੀ ਪਾਰਟੀ ਦਾ ਨਾਮ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਸਾਰੀ ਜ਼ਿੰਦਗੀ ਆਮ ਲੋਕਾਂ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ ਅਤੇ ਇਹ ਆਮ ਜਨਤਾ ਲਈ ਇੱਕ ਮੌਕਾ ਹੈ ਕਿ ਉਹ ਕਿਸਾਨਾਂ ਦੇ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਅਤੇ ਉਨ੍ਹਾਂ ਦੀ ਸੇਵਾ ਕਰੇ।