ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਸਾਲ 2022 'ਚ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਪਾਰਟੀ ਹਾਈ ਕਮਾਨ ਵੱਲੋਂ ਐਮਐਲਏ ਜਰਨੈਲ ਸਿੰਘ ਨੂੰ 'ਆਪ' ਮਾਮਲਿਆਂ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਬਾਰੇ ਈਟੀਵੀ ਭਾਰਤ ਨੇ ਖ਼ਾਸ ਤੌਰ 'ਤੇ ਆਮ ਆਦਮੀ ਪਾਰਟੀ ਦੇ ਸਸਪੈਂਡ ਤੇ ਨਾਰਾਜ਼ ਚੱਲ ਰਹੇ ਵਿਧਾਇਕ ਕੰਵਰ ਸੰਧੂ ਨਾਲ ਗੱਲਬਾਤ ਕੀਤੀ।
ਈਟੀਵੀ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕੰਵਰ ਸੰਧੂ ਨੇ ਕਿਹਾ ਇਹ ਬੇਹਦ ਖੁਸ਼ੀ ਦੀ ਗੱਲ ਹੈ ਕਿ ਇੱਕ ਪੰਜਾਬੀ ਵਿਅਕਤੀ ਨੂੰ ਸੂਬੇ 'ਚ 'ਆਪ' ਮਾਮਲਿਆਂ ਦੇ ਇੰਚਾਰਜ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅਹੁਦੇ ਲਈ ਪਹਿਲਾਂ ਮਨੀਸ਼ ਸਸੋਦੀਆ ਨੂੰ ਚੁਣਿਆ ਗਿਆ ਸੀ ਪਰ ਉਨ੍ਹਾਂ ਦੇ ਹੋਰਨਾਂ ਕੰਮਾਂ ਦੇ ਰੁਝੇ ਹੋਣ ਦੇ ਚਲਦੇ ਐਮਐਲਏ ਜਰਨੈਲ ਸਿੰਘ ਨੂੰ ਨਵਾਂ ਇੰਚਾਰਜ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਕੁਝ ਸਮੇਂ ਪਹਿਲਾਂ ਹੀ ਪੰਜਾਬ ਆਏ ਸੀ। ਉਨ੍ਹਾਂ ਦੇ ਇੰਚਾਰਜ ਬਣਨ ਦੀ ਖ਼ਬਰ ਉਨ੍ਹਾਂ ਨੂੰ ਮੀਡੀਆ ਰਾਹੀਂ ਮਿਲੀ। ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਕੋਲ ਪਹੁੰਚ ਨਹੀਂ ਕੀਤੀ ਹੈ। ਕੰਵਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਜਰਨੈਲ ਸਿੰਘ ਵੱਲੋਂ ਕਿਸੇ ਗੱਲਬਾਤ ਲਈ ਕੋਈ ਸੱਦਾ ਨਹੀਂ ਆਇਆ ਹੈ।
ਕੰਵਰ ਸੰਧੂ ਨੇ ਆਖਿਆ ਕਿ ਜੇ ਉਨ੍ਹਾਂ ਦੀ ਜਰਨੈਲ ਸਿੰਘ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੀ ਸਸਪੈਂਸ਼ਨ ਕੈਂਸਲ ਕਰਵਾਉਣਗੇ। ਉਹ ਆਪਣੀ ਮੰਗਾਂ ਤੇ ਨਰਾਜ਼ਗੀ ਬਾਰੇ ਜਰਨੈਲ ਸਿੰਘ ਨਾਲ ਗੱਲਬਾਤ ਕਰਨਗੇ।
ਸੁਖਪਾਲ ਖ਼ਹਿਰਾ ਨਾਲ ਸੰਪਰਕ ਕਰਨ ਬਾਰੇ ਪੁੱਛੇ ਗਏ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਖ਼ਹਿਰਾ ਨਾਲ ਕੋਈ ਸੰਪਰਕ ਨਹੀਂ ਹੈ। ਉਨ੍ਹਾਂ ਆਖਿਆ ਕਿ ਜੇਕਰ ਜਰਨੈਲ ਸਿੰਘ ਉਨ੍ਹਾਂ ਨੂੰ ਗੱਲਬਾਤ ਕਰਨ ਲਈ ਸੱਦਾ ਦੇਣਗੇ ਤਾਂ ਉਹ ਜ਼ਰੂਰ ਉਨ੍ਹਾਂ ਸਾਹਮਣੇ ਜ਼ਰੂਰ ਆਪਣਾ ਪੱਖ ਰੱਖਾਂਗਾ।
ਹੋਰ ਪੜ੍ਹੋ :ਪਿੰਡ ਚੱਕਵਾਲ ਵਿੱਚ ਮਾਈਨਿੰਗ ਧੜਾ-ਧੜਾ ਜਾਰੀ
ਉੱਥੇ ਹੀ ਨਵਜੋਤ ਸਿੰਘ ਸਿੱਧੂ ਬਾਰੇ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਠੀਕ ਮਹਿਸੂਸ ਨਹੀਂ ਕਰ ਰਹੇ। ਉਹ ਇੱਕ ਚੰਗੇ ਵਿਅਕਤੀ ਅਤੇ ਚੰਗੇ ਸਿਆਸਤਦਾਨ ਹਨ। ਜੇ ਨਵਜੋਤ ਸਿੱਧੂ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਪਾਰਟੀ ਨੂੰ ਕਾਫ਼ੀ ਫ਼ਾਇਦਾ ਹੋ ਸਕਦਾ ਹੈ।