ਚੰਡੀਗੜ੍ਹ: ਬਠਿੰਡਾ 'ਚ ਪਿਛਲੇ ਸਾਲ ਜਨਵਰੀ 'ਚ ਕੰਗਨਾ ਰਣੌਤ ਖ਼ਿਲਾਫ਼ ਦਰਜ ਮਾਣਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਵਾਉਣ ਲਈ ਉਸ ਵੱਲੋਂ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਕੰਗਨਾ ਦੀ ਦੀ ਇਸ ਪਟੀਸ਼ਨ 'ਤੇ ਬਹਿਸ ਤੋਂ ਬਾਅਦ ਸੁਣਵਾਈ ਸੋਮਵਾਰ 11 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਬਠਿੰਡਾ ਦੀ ਮਹਿੰਦਰ ਕੌਰ ਦੀ ਫੋਟੋ ਪੋਸਟ ਕਰਦਿਆਂ ਕਿਹਾ ਸੀ ਕਿ ਉਸ ਨੂੰ 100 ਰੁਪਏ ਦਿਹਾੜੀ 'ਤੇ ਅੰਦੋਲਨ ਵਿੱਚ ਲਿਆਂਦਾ ਗਿਆ ਹੈ। ਮਹਿੰਦਰ ਕੌਰ ਨੂੰ ਅਦਾਕਾਰਾ ਕੰਗਨਾ ਰਣੌਤ ਨੇ ਸ਼ਾਹੀਨ ਬਾਗ ਧਰਨੇ ਦੀ ਬਿਲਕਿਸ ਬਾਨੋ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ: ਬੇਬੇ ਮਹਿੰਦਰ ਕੌਰ ਨੇ ਕੰਗਨਾ ਰਣੌਤ ਖ਼ਿਲਾਫ਼ ਕੀਤੀ ਪਟੀਸ਼ਨ ਦਾਇਰ
ਇਹ ਪੋਸਟ ਕਰਨ 'ਤੇ ਮਹਿੰਦਰ ਕੌਰ ਨੇ ਬਠਿੰਡਾ 'ਚ ਕੰਗਨਾ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਕੰਗਨਾ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਇਸ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ, ਜਿਸ 'ਤੇ ਹਾਈਕੋਰਟ ਨੇ ਬਿਨਾਂ ਕੋਈ ਹੁਕਮ ਜਾਰੀ ਕਰਦੇ ਹੋਏ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਹੈ।
ਕੀ ਹੈ ਮਾਮਲਾ ?: ਸੀਨੀਅਰ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਪਿੰਡ ਜੰਡੀਆਂ ਦੀ ਮਾਤਾ ਮਹਿੰਦਰ ਕੌਰ ਕਿਸਾਨ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਈ ਸੀ, ਪਰ ਇਸ ਦੌਰਾਨ ਅਦਾਕਾਰਾ ਕੰਗਨਾ ਰਣੌਤ ਵੱਲੋਂ ਮਾਤਾ ਮਹਿੰਦਰ ਕੌਰ ਦੀ ਤਸਵੀਰ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਅਜਿਹੇ ਲੋਕ 100-100 ਰੁਪਏ ਦਿਹਾੜੀ 'ਚ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੁੰਦੇ ਹਨ। ਜਿਸ ਕਾਰਨ ਮਾਤਾ ਮਹਿੰਦਰ ਕੌਰ ਦੇ ਸਵੈਮਾਨ ਨੂੰ ਠੇਸ ਪਹੁੰਚੀ ਸੀ ਅਤੇ ਉਨ੍ਹਾਂ ਵੱਲੋਂ ਬਠਿੰਡਾ ਅਦਾਲਤ ਵਿੱਚ 4 ਜਨਵਰੀ 2021 ਨੂੰ ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਸੀ।
ਅਦਾਲਤ ਵੱਲੋਂ ਸਾਰੇ ਸਬੂਤਾਂ ਨੂੰ ਘੋਖਣ ਤੋਂ ਬਾਅਦ 19 ਮਾਰਚ ਨੂੰ ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ। ਉਨ੍ਹਾਂ ਕਿਹਾ ਕਿ ਜੇਕਰ ਫੇਰ ਵੀ ਅਦਾਕਾਰਾ ਕੰਗਨਾ ਰਣੌਤ ਅਦਾਲਤ ਵਿੱਚ ਪੇਸ਼ ਨਹੀਂ ਹੁੰਦੀ ਤਾਂ ਉਸ ਦੇ ਵਾਰੰਟ ਵੀ ਜਾਰੀ ਹੋ ਸਕਦੇ ਹਨ ਅਤੇ ਇਸ ਮਾਮਲੇ ਵਿਚ ਕੰਗਨਾ ਨੂੰ ਦੋ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ: ਅਦਾਕਾਰਾ ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਨੇ ਕੀਤਾ ਸੰਮਨ, 2 ਸਾਲ ਦੀ ਸਜ਼ਾ ਹੋਣ ਦੀ ਸੰਭਾਵਨਾ
ਬੇਬੇ ਨੇ ਕਿਉਂ ਕਰਵਾਈ ਸੀ ਸ਼ਿਕਾਇਤ ਦਰਜ: ਬੇਬੇ ਮਹਿੰਦਰ ਕੌਰ ਦੇ ਵਕੀਲ ਦਾ ਕਹਿਣਾ ਹੈ ਕਿ ਇਸ ਗੱਲ ਨੂੰ ਡੇਢ ਮਹੀਨਾ ਹੋ ਗਿਆ ਹੈ ਪਰ ਕੰਗਨਾ ਰਣੌਤ ਨੇ ਅਜੇ ਤੱਕ ਮਾਫ਼ੀ ਨਹੀਂ ਮੰਗੀ। ਉਨ੍ਹਾਂ ਨੇ ਕਿਹਾ ਕਿ ਇਹ ਜਲਦਬਾਜ਼ੀ 'ਚ ਫੈਸਲਾ ਨਹੀਂ ਲਿਆ ਗਿਆ ਬਲਕਿ ਸੋਚ ਸਮਝ ਕੇ ਲਿਆ ਗਿਆ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਾਕਾਰਾ ਦੇ ਖਿਲਾਫ ਧਾਰਾ 500 ਤੇ 499 ਦੇ ਤਹਿਤ ਕੇਸ ਦਰਜ ਕਰਵਾਇਆ ਗਿਆ ਹੈ।
ਬੇਬੇ ਨੇ ਇਸ ਤਰ੍ਹਾਂ ਕੱਢਿਆ ਸੀ ਗੁੱਸਾ: ਬੇਬੇ ਦਾ ਕਹਿਣਾ ਹੈ ਕਿ ਰਣੌਤ ਨੇ ਪਹਿਲਾਂ ਕਿਸਾਨਾਂ ਦੀ ਨਿੰਦਿਆ ਕੀਤੀ ਤੇ ਫਿਰ ਉਨ੍ਹਾਂ ਦਾ ਵੀ ਉਸਨੇ ਮਜ਼ਾਕ ਬਣਾਇਆ। ਉਨ੍ਹਾਂ ਨੇ ਕਿਹਾ ਕਿ ਉਸਨੇ ਕਿਸਾਨਾਂ ਦਾ ਦੁੱਖ ਨਹੀਂ ਦੇਖਿਆ। ਉਨ੍ਹਾਂ ਨੇ ਅਦਾਕਾਰਾ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਸਨੇ ਮੈਨੂੰ ਕਿਸ ਕੋਲੋਂ ਪੈਸੇ ਲੈਂਦੇ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਅਦਾਲਤ ਤੇ ਉਸਦੇ ਫੈਸਲੇ 'ਤੇ ਵਿਸ਼ਵਾਸ ਹੈ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਡਾ. ਵਿਜੇ ਸਿੰਗਲਾ ਨੂੰ ਹਾਈਕੋਰਟ ਨੂੰ ਮਿਲੀ ਜ਼ਮਾਨਤ