ਚੰਡੀਗੜ੍ਹ: ਡਿਸਕਸ ਥ੍ਰੋਅ ਵਿੱਚ ਪਹਿਲੀ ਵਾਰ 65 ਮੀਟਰ ਦੀ ਥਰੋਅ ਸੁੱਟ ਕੇ ਨਵਾਂ ਕੌਮੀ ਰਿਕਾਰਡ ਬਣਾ ਕੇ ਟੋਕੀਓ ਓਲੰਪਿਕ ਕੁਆਲੀਫਾਈ ਕਰਨ ਵਾਲੀ ਅਥਲੀਟ ਕਮਲਪ੍ਰੀਤ ਕੌਰ ਨੂੰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ। ਇਸ ਦੌਰਾਨ ਚੰਡੀਗੜ੍ਹ ਪਹੁੰਚੀ ਕਮਲਪ੍ਰੀਤ ਕੌਰ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ।
ਪਿੰਡ ਕਬਰਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਕੰਵਲਪ੍ਰੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਬਾਦਲ ਰਹਿ ਕੇ ਹੀ ਪ੍ਰੈਕਟਿਸ ਕਰਦੇ ਰਹੇ ਹਨ ਅਤੇ ਉਨ੍ਹਾਂ ਦੀ ਕੋਚ ਰਾਖੀ ਤਿਆਗੀ ਵੱਲੋਂ ਕਰਵਾਈ ਗਈ ਸਖ਼ਤ ਮਿਹਨਤ ਨਾਲ ਉਨ੍ਹਾਂ ਨੇ 65.6 ਮੀਟਰ ਦਾ ਡਿਸਕਸ ਥ੍ਰੋ ਕਰ ਕੌਮੀ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਇਸ ਮੁਕਾਮ ਉੱਤੇ ਪਹੁੰਚਣ ਲਈ ਉਨ੍ਹਾਂ ਨੂੰ ਸੱਤ ਸਾਲ ਤੋਂ ਵੱਧ ਦਾ ਸਮਾਂ ਲੱਗਿਆ ਹੈ। ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੇ ਕੌਮੀ ਰਿਕਾਰਡ ਬਣਾਇਆ ਹੈ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਹੁਣ ਓਲੰਪਿਕ ਵਿੱਚ ਉਹ ਆਪਣੇ ਦੇਸ਼ ਦਾ ਨਾਂਅ ਵੀ ਰੌਸ਼ਨ ਕਰਨਗੇ।
ਤੁਸੀਂ ਕਿੰਨੇ ਕਿੰਨੇ ਘੰਟੇ ਪ੍ਰੈਕਟਿਸ ਕਰਦੇ ਰਹੇ ਹੋ ?
ਜਵਾਬ : ਕਮਲਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਦੀ ਕੋਚ ਰਾਖੀ ਤਿਆਗੀ ਵੱਲੋਂ ਉਨ੍ਹਾਂ ਨੂੰ ਸਵੇਰੇ ਤਿੰਨ ਤੋਂ ਚਾਰ ਘੰਟੇ ਅਤੇ ਸ਼ਾਮ ਨੂੰ ਰੋਜ਼ਾਨਾ ਤਿੰਨ ਤੋਂ ਚਾਰ ਘੰਟੇ ਪ੍ਰੈਕਟਿਸ ਕਰਵਾਉਂਦੇ ਸਨ। ਡਿਸਕਸ ਥ੍ਰੋਅ ਖੇਡ ਵਿੱਚ ਜ਼ਿਆਦਾਤਰ ਤਕਨੀਕ ਦੇ ਉੱਪਰ ਜ਼ੋਰ ਦੇਣਾ ਪੈਂਦਾ ਹੈ ਕਿਉਂਕਿ ਡਿਸਕਸ ਥ੍ਰੋ ਇੱਕ ਟੈਕਨੀਕਲ ਗੇਮ ਹੈ ਅਤੇ ਉਨ੍ਹਾਂ ਦਾ ਮੁੱਖ ਟੀਚਾ ਹਰ ਇੱਕ ਟੈਕਨੀਕਲ ਪੁਆਇੰਟ ਨੂੰ ਸਿੱਖਣਾ ਹੈ ਤੇ ਉਹ ਅੱਗੇ ਵੀ ਟੈਕਨੀਕਲ ਤਰੀਕੇ ਨਾਲ ਮਿਹਨਤ ਕਰਦੇ ਰਹਿਣਗੇ।
ਤੁਹਾਡੀ ਖੇਡ ਵਿੱਚ ਬੂਟ ਨੂੰ ਲੈ ਕੇ ਬਹੁਤ ਚਰਚਾ ਹੈ ਤੁਹਾਡੇ ਬੂਟਾਂ ਦੀ ਕੀ ਕਹਾਣੀ ਹੈ ?
ਜਵਾਬ : ਕਮਲਪ੍ਰੀਤ ਕੌਰ ਨੇ ਦੱਸਿਆ ਕਿ ਡਿਸਕਸ ਥ੍ਰੋਅ ਗੇਮ ਵਿੱਚ ਜ਼ਿਆਦਾਤਰ ਤੁਹਾਡੇ ਬੂਟ ਦੇ ਉੱਪਰ ਬਹੁਤ ਕੁਝ ਡਿਪੈਂਡ ਕਰਦਾ ਹੈ ਅਤੇ ਇਸ ਖੇਡ ਲਈ ਵਰਤੇ ਜਾਣ ਵਾਲੇ ਬੂਟ ਵਿਦੇਸ਼ ਤੋਂ ਮੰਗਵਾਉਣੇ ਪੈਂਦੇ ਹਨ ਅਤੇ ਇਹ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਹਨ ਪਰ ਇੱਕ ਸਮਾਂ ਸੀ ਜਦੋਂ ਇਨ੍ਹਾਂ ਦੇ ਪਿਤਾ ਇਨ੍ਹਾਂ ਨੂੰ ਮਹਿੰਗੇ ਸ਼ੂਜ਼ ਨਹੀਂ ਲੈ ਕੇ ਦੇ ਸਕੇ ਅਤੇ ਉਹ ਸਾਧਾਰਨ ਬੂਟਾਂ ਵਿਚ ਹੀ ਪਿੰਡ ਬਾਦਲ ਪ੍ਰੈਕਟਿਸ ਕਰਦੇ ਰਹੇ।
ਪੰਜਾਬ ਸਰਕਾਰ ਵੱਲੋਂ ਤੁਹਾਡੀ ਕਿਸ ਤਰੀਕੇ ਨਾਲ ਮਦਦ ਕੀਤੀ ਜਾ ਰਹੀ ਹੈ ?
ਜਵਾਬ : ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਹੁਣ ਉਨ੍ਹਾਂ ਦੀ ਮਦਦ ਕਰਨ ਲੱਗੀ ਹੈ ਇਸ ਤੋਂ ਪਹਿਲਾਂ ਉਹ ਖੁਦ ਆਪਣੇ ਖਰਚੇ ਉੱਪਰ ਪ੍ਰੈਕਟਿਸ ਕਰਦੇ ਰਹੇ ਸਨ ਅਤੇ ਨਵਾਂ ਕੌਮੀ ਰਿਕਾਰਡ ਬਣਾਉਣ ਤੋਂ ਬਾਅਦ ਐੱਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਣੇ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਹੋਰਾਂ ਵੱਲੋਂ ਉਨ੍ਹਾਂ ਨੂੰ ਕੈਸ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ ਤਾਂ ਜੋ ਉਨ੍ਹਾਂ ਨੂੰ ਟੋਕੀਓ ਓਲੰਪਿਕ ਦੀ ਤਿਆਰੀ ਵਿਚ ਕੋਈ ਸਮੱਸਿਆ ਨਾ ਆਵੇ।
ਕਮਲਪ੍ਰੀਤ ਦੇ ਪਿਤਾ ਨੂੰ ਸਵਾਲ ਕਿਸ ਤਰੀਕੇ ਦੀ ਸਪੋਰਟ ਤੁਹਾਡੇ ਵੱਲੋਂ ਕੀਤੀ ਗਈ ?
ਜਵਾਬ : ਕਮਲਪ੍ਰੀਤ ਦੇ ਪਿਤਾ ਨੇ ਜਵਾਬ ਦਿੰਦਿਆਂ ਕਿਹਾ ਕਿ ਪਿੰਡ ਬਾਦਲ ਵਿਖੇ ਕੋਚ ਪ੍ਰਿਤਪਾਲ ਕੌਰ ਨੇ ਹੀ ਕਮਲਪ੍ਰੀਤ ਨੂੰ ਡਿਸਕਸ ਥ੍ਰੋ ਗੇਮ ਵਿੱਚ ਲਿਆਂਦਾ ਸੀ ਅਤੇ ਉਨ੍ਹਾਂ ਕੋਲੋਂ ਘੱਟ ਜ਼ਮੀਨ ਹੋਣ ਕਾਰਨ ਉਹ ਕਮਲਪ੍ਰੀਤ ਨੂੰ ਖੇਡ ਲਈ ਮਹਿੰਗੇ ਕੱਪੜੇ ਅਤੇ ਬੂਟ ਨਹੀਂ ਦਵਾ ਸਕਦੇ ਸਨ ਕਿਉਂਕਿ ਉਹ ਕਰਜ਼ਾ ਲੈ ਕੇ ਗੇਮ ਨਹੀਂ ਕਰਵਾਉਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਮੁਤਾਬਕ ਜੇਕਰ ਕਰਜ਼ਾ ਚੜ੍ਹ ਜਾਵੇ ਤਾਂ ਛੋਟੇ ਕਿਸਾਨ ਨੂੰ ਲਾਹੁਣਾ ਬਹੁਤ ਮੁਸ਼ਕਿਲ ਹੁੰਦਾ ਅਤੇ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਕਮਲਪ੍ਰੀਤ ਦੀ ਹਰ ਇਕ ਮਦਦ ਕੀਤੀ ਲੇਕਿਨ ਉਨ੍ਹਾਂ ਦੀ ਕੋਚ ਰਾਖੀ ਤਿਆਗੀ ਵੱਲੋਂ ਬਹੁਤ ਵੱਡੀ ਸਪੋਰਟ ਕਮਲਪ੍ਰੀਤ ਦੀ ਕੀਤੀ ਗਈ ਅਤੇ ਕਮਲਪ੍ਰੀਤ ਦੀ ਮਿਹਨਤ ਨੂੰ ਦੇਖਦਿਆਂ ਅੱਜ ਪੂਰੇ ਦੇਸ਼ ਦੀਆਂ ਨਜ਼ਰਾਂ ਟੋਕੀਓ ਓਲੰਪਿਕ ਵਿੱਚ ਡਿਸਕਸ ਥ੍ਰੋ ਖੇਡ ਨੂੰ ਲੈ ਕੇ ਕਮਲਪ੍ਰੀਤ ਉੱਤੇ ਟਿੱਕੀਆਂ ਹੋਈਆਂ ਹਨ।
ਹਰਿਆਣਾ ਸਰਕਾਰ ਖਿਡਾਰੀਆਂ ਉੱਤੇ ਜ਼ਿਆਦਾ ਪੈਸਾ ਖਰਚਦਾ ਹੈ ਪਰ ਹੁਣ ਤੁਸੀਂ ਕਿਹੜੇ ਕੌਮੀ ਖਿਡਾਰੀ ਦਾ ਰਿਕਾਰਡ ਤੋੜਨ ਬਾਰੇ ਟਾਰਗੈਟ ਰੱਖਿਆ ਹੈ?
ਜਵਾਬ : ਕਮਲਪ੍ਰੀਤ ਨੇ ਦੱਸਿਆ ਕਿ ਹਰਿਆਣਾ ਸਰਕਾਰ ਖਿਡਾਰੀਆਂ ਉੱਤੇ ਪੰਜਾਬ ਸਰਕਾਰ ਨਾਲੋਂ ਵੱਧ ਪੈਸਾ ਖਰਚ ਕਰਦਾ ਹੈ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਖਿਡਾਰੀਆਂ ਵੱਲ ਧਿਆਨ ਦੇਣ ਅਤੇ ਪਿੰਡਾਂ ਵਿੱਚ ਖੇਡ ਸਟੇਡੀਅਮ ਜਲਦ ਤੋਂ ਜਲਦ ਬਣਵਾਉਣ ਤਾਂ ਜੋ ਖਿਡਾਰੀਆਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਉਨ੍ਹਾਂ ਦੇ ਪਿੰਡ ਵਿੱਚ ਵੀ ਕੋਈ ਖੇਡ ਗਰਾਊਂਡ ਨਹੀਂ ਹੈ ਤੇ ਉਨ੍ਹਾਂ ਨੂੰ ਇੱਕ ਘੰਟੇ ਦਾ ਸਫ਼ਰ ਕਰਕੇ ਬਾਦਲ ਪਿੰਡ ਖੇਡਣ ਜਾਣਾ ਪੈਂਦਾ ਸੀ ਲੇਕਿਨ ਅਜਿਹੀ ਸਮੱਸਿਆ ਕਿਸੇ ਹੋਰ ਖਿਡਾਰੀ ਨੂੰ ਨਾ ਆਵੇ ਇਸ ਵੱਲ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਉੱਥੇ ਹੀ ਕਮਲਪ੍ਰੀਤ ਨੇ ਇਹ ਵੀ ਦੱਸਿਆ ਕਿ ਕਿਊਬਾ ਦੀ ਅੰਤਰਰਾਸ਼ਟਰੀ ਖਿਡਾਰਨ ਦਾ ਰਿਕਾਰਡ ਤੋੜਨਾ ਉਨ੍ਹਾਂ ਦਾ ਮੁੱਖ ਟੀਚਾ ਹੈ ਜਿਸਦੇ ਨਾਮ 68 ਅਤੇ 67 ਮੀਟਰ ਡਿਸਕਸ ਥ੍ਰੋ ਸੁੱਟ ਕੇ ਅੰਤਰਰਾਸ਼ਟਰੀ ਰਿਕਾਰਡ ਕਾਇਮ ਹੈ।
ਜਾਣਕਾਰੀ ਮੁਤਾਬਕ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਹੋਰਾਂ ਵੱਲੋਂ ਕਮਲਪ੍ਰੀਤ ਕੌਰ ਨੂੰ ਟੋਕੀਓ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਉੱਤੇ ਢਾਈ ਕਰੋੜ ਦੀ ਰਾਸ਼ੀ ਸਣੇ ਡੀਐੱਸਪੀ ਦੀ ਨੌਕਰੀ ਦਾ ਭਰੋਸਾ ਦਿੱਤਾ ਹੈ ਤਾਂ ਉੱਥੇ ਹੀ ਰੇਲਵੇ ਵੱਲੋਂ ਵੀ ਕਮਲਪ੍ਰੀਤ ਕੌਰ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ।