ਚੰਡੀਗੜ੍ਹ: ਗੈਂਗਸਟਰ ਜੱਗੂ ਭਗਵਾਨਪੁਰੀਆ ਦਾਂ ਨਾਂਅ ਇੱਕ ਹੋਰ ਵਿਵਾਦ ਨਾਲ ਜੁੜ ਗਿਆ ਹੈ। ਨੌਰਥ ਇੰਡੀਆ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆਂ 'ਤੇ ਖਿਡਾਰੀਆਂ ਨੂੰ ਧਮਕੀਆਂ ਦੇਣ ਦੇ ਇਲਜ਼ਾਮ ਲਾਏ ਹਨ। ਇਸ ਬਾਰੇ ਫੈਡਰੇਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖ ਕੇ ਕਬੱਡੀ ਦੀ ਖੇਡ ਵਿੱਚ ਨਸ਼ਿਆਂ ਤੇ ਗੈਂਗਸਟਰਾਂ ਦੀ ਐਂਟਰੀ ਬਾਰੇ ਦੱਸਿਆ।
ਫੈਡਰੇਸ਼ਨ ਦਾ ਕਹਿਣਾ ਹੈ ਕਿ ਜੱਗੂ ਹੋਰ ਕਬੱਡੀ ਫੈਡਰੇਸ਼ਨਾਂ ਨੂੰ ਤੋੜ ਕੇ ਆਪਣੀਆਂ ਫੈਡਰੇਸ਼ਨਜ਼ ਬਣਾ ਰਿਹਾ ਹੈ। ਇੱਥੋ ਤੱਕ ਕਿ ਜੱਗੂ ਕਰਕੇ ਹੀ ਕਬੱਡੀ ਖਿਡਾਰੀ ਨਸ਼ੇ ਦਾ ਜਾਲ ਵਿੱਚ ਫਸ ਰਹੇ ਹਨ। ਖਿਡਾਰੀਆਂ ਨੂੰ ਧਮਕਾਉਣ ਦੇ ਦੋਸ਼ ਵੀ ਇਸ ਪੱਤਰ ਵਿੱਚ ਗੈਂਗਸਟਰ ਜੱਗੂ ਉੱਤੇ ਲੱਗੇ ਹਨ।
ਇਸ ਦੇ ਨਾਲ ਹੀ ਪੱਤਰ ਵਿੱਚ ਕਬੱਡੀ ਦਾ ਬਹੁ-ਕਰੋੜੀ ਰੈਕੇਟ ਚਲਾ ਰਹੇ ਰਾਜਨੀਤੀਕ ਲੋਕਾਂ ਵੱਲੋਂ ਜੱਗੂ ਦੀ ਮਦਦ ਕੀਤੇ ਜਾਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਪਹਿਲਾਂ ਹੀ ਮੰਤਰੀ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਸੰਬੰਧ ਹੋਣ ਦੇ ਦੋਸ਼ ਲਗਾ ਚੁੱਕੇ ਹਨ।