ਚੰਡੀਗੜ੍ਹ: ਕਾਦੀਆਂ ਤੋਂ ਕਾਂਗਰਸ ਦੇ ਵਿਧਾਇਕ ਫਤਿਹਜੰਗ ਬਾਜਵਾ ਨੇ ਪ੍ਰੈੱਸ ਵਾਰਤਾ ਕਰ ਵਿਰੋਧੀਆਂ ਸਣੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਕਈ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਵੱਲੋਂ ਉਨ੍ਹਾਂ ਦੇ ਪੁੱਤਰ ਅਰਜੁਨ ਪ੍ਰਤਾਪ ਬਾਜਵਾ ਨੂੰ ਦਿੱਤੀ ਨੌਕਰੀ ਦੇ ਹਰ ਇਕ ਸਵਾਲ ਦਾ ਜਵਾਬ ਦਿੱਤਾ। ਇਸ ਦੌਰਾਨ ਫਤਿਹਜੰਗ ਬਾਜਵਾ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਜੰਮਕੇ ਨਿਸ਼ਾਨੇ ਸਾਧੇ।
'ਕੈਪਟਨ ਦੇ ਫੈਸਲੇ ਦਾ ਵਿਰੋਧ'
ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਫਤਿਹਜੰਗ ਬਾਜਵਾ ਨੇ ਕਿਹਾ ਕਿ ਚਾਰ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਨਾਲ ਰਹਿ ਕੇ ਮਲਾਈਦਾਰ ਮਹਿਕਮਿਆਂ ਵਿੱਚ ਆਪਣੇ ਪੁੱਤਰਾਂ, ਭਤੀਜਿਆਂ ਤੇ ਭਰਾਵਾਂ ਨੂੰ ਲਗਵਾ ਕੇ ਹੁਣ ਫਤਿਹਜੰਗ ਬਾਜਵਾ ਅਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਦੀ ਨੌਕਰੀ ਦਾ ਮੁੱਦਾ ਬਣਾ ਰਹੇ ਹਨ ਜਦਕਿ ਸਾਡੇ ਕਾਂਗਰਸ (Congress) ਦੇ ਆਪਣੇ ਸਾਥੀ ਮੁੱਖ ਮੰਤਰੀ ਵੱਲੋਂ ਮੰਤਰੀ ਮੰਡਲ ਵਿਚ ਲਏ ਗਏ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ।
ਬਾਜਵਾ ਦਾ ਤਰਕ
ਬਾਜਵਾ ਨੇ ਇਹ ਵੀ ਤਰਕ ਦਿੱਤਾ ਕਿ ਜਦੋਂ ਤੱਕ ਕੈਪਟਨ ਅਜਿਹੇ ਲੋਕਾਂ ਦੀ ਸਲਾਹ ਲੈਂਦੇ ਸਨ ਤਾਂ ਉਸ ਸਮੇਂ ਤੱਕ ਚੰਗੇ ਸਨ ਜਦੋਂ ਦੂਜਿਆਂ ਦੀ ਸਲਾਹ ਲੈਣ ਲੱਗ ਪਏ ਤਾਂ ਉਨ੍ਹਾਂ ਦੇ ਫ਼ੈਸਲੇ ਚੰਗੇ ਲੱਗਣੋਂ ਹਟ ਗਏ ਕਿਉਂਕਿ ਉਹ ਲੋਕ ਨਹੀਂ ਚਾਹੁੰਦੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆ ਕੇ ਕੋਈ ਹੋਰ ਉਨ੍ਹਾਂ ਦੀ ਥਾਂ ਤੇ ਬੈਠੇ ਅਤੇ ਉਨ੍ਹਾਂ ਨੂੰ ਅਜਿਹੀ ਕੋਈ ਨੌਕਰੀ ਦੀ ਜ਼ਰੂਰਤ ਨਹੀਂ ਹੈ ਜੋ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਗੰਦੀ ਰਾਜਨੀਤੀ ਕਰੇ।