ਚੰਡੀਗੜ੍ਹ: ਪੰਜਾਬ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ’ਚ ਦਿਨ ਪ੍ਰਤੀ ਦਿਨ ਲਗਾਤਾਰ ਵਾਧਾ ਹੋ ਰਿਹਾ ਹੈ। ਹਫ਼ਤਾਵਾਰੀ ਲੌਕਡਾਊਨ, ਨਾਈਟ ਕਰਫ਼ਿਊ ਤੋਂ ਬਾਅਦ ਵੀ ਕੋਰੋਨਾ ਦੇ ਵੱਧ ਰਹੇ ਸੰਕ੍ਰਮਣ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜਿਸਦੇ ਚੱਲਦਿਆਂ ਪ੍ਰਸ਼ਾਸਨ ਕਈ ਹੋਰ ਨਵੇਂ ਕਦਮ ਉਠਾ ਕੇ ਸੰਕ੍ਰਮਣ ਨੂੰ ਰੋਕਣ ਦਾ ਹਰ ਸੰਭਵ ਯਤਨ ਕਰ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਸਿਹਤ ਮੰਤਰੀ ਨੇ ਕਿਹਾ ਲੌਕਡਾਊਨ ਤੋਂ ਬਿਨਾਂ ਕੋਰੋਨਾ ਮਹਾਂਮਾਰੀ ਨੂੰ ਨਹੀਂ ਕੀਤਾ ਜਾ ਸਕਦਾ ਕੰਟਰੋਲ
ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਕੋਰੋਨਾ ਕਾਰਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਉਸਨੂੰ ਲੌਕਡਾਊਨ ਤੋਂ ਬਿਨਾਂ ਕੰਟਰੋਲ ਕੀਤਾ ਜਾਣਾ ਮੁਸ਼ਕਿਲ ਹੈ, ਉੱਥੇ ਹੀ ਲੋਕ ਮੰਨਣ ਨੂੰ ਤਿਆਰ ਨਹੀਂ ਹਨ। ਸਾਡੇ ਜਿਹੇ ਰਾਜਨੀਤਿਕ ਲੋਕਾਂ ਨੂੰ ਆਪਣੇ ਵੋਟਰਾਂ ਅਤੇ ਸਪੋਟਰਾਂ ਨੂੰ ਸੰਭਾਲਣ ਲਈ ਸਮਝਾਉਣਾ ਪੈਂਦਾ ਹੈ। ਸ਼ਹਿਰ ਦੇ ਮੁਕਾਬਲੇ ਪਿੰਡਾਂ ’ਚ ਹਾਲਾਤ ਜ਼ਿਆਦਾ ਖ਼ਰਾਬ ਹਨ, ਕਿਉਂ ਕਿ ਪਿੰਡਾਂ ਦੇ ਲੋਕ ਟੈਸਟ ਕਰਵਾਉਣ ਤੋਂ ਘਬਰਾਉਂਦੇ ਹਨ। ਅਸੀਂ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਸਿਵਲ ਸਰਜਨ ਆਪਣੇ ਏਰੀਆ ਦੇ ਅਧੀਨ ਆਉਂਦੇ ਸਾਰੇ ਆਰਐੱਮਪੀ ਡਾਕਟਾਰਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਤੋਂ ਡਾਟਾ ਪ੍ਰਾਪਤ ਕਰਨ ਕਿ ਕਿੰਨੇ ਬੁਖ਼ਾਰ, ਖਾਂਸੀ ਅਤੇ ਜੁਖ਼ਾਮ ਦੇ ਮਰੀਜ਼ ਉਨ੍ਹਾਂ ਕੋਲ ਆ ਰਹੇ ਹਨ।
ਕੋਰੋਨਾ ਮਹਾਂਮਾਰੀ ਨੂੰ ਹਲਕੇ ’ਚ ਨਾ ਲੈਣ ਸੂਬੇ ਦੇ ਲੋਕ: ਸਿੱਧੂ
ਇਸ ਦੌਰਾਨ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ ਕਰ ਰਹੇ ਹਾਂ, ਕਿ ਉਹ ਕੋਰੋਨਾ ਮਹਾਂਮਾਰੀ ਨੂੰ ਹਲਕੇ ’ਚ ਨਾ ਲੈਣ। ਇਹ ਬਹੁਤ ਖ਼ਤਰਨਾਕ ਬੀਮਾਰੀ ਹੈ, ਜੇਕਰ ਇਸਦਾ ਸਮੇਂ ਰਹਿੰਦਿਆਂ ਪਤਾ ਲੱਗ ਜਾਵੇ ਤਾਂ ਇਲਾਜ ਸੰਭਵ ਹੈ। ਜੇਕਰ ਲੋਕ ਉਸ ਸਮੇਂ ਸਾਡੇ ਕੋਲ ਆਉਣਗੇ ਜਦੋਂ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜ ਚੁੱਕੀ ਹੋਵੇਗੀ ਤਾਂ ਅਜਿਹੇ ਮੌਕੇ ’ਤੇ ਅਸੀਂ ਵੀ ਕੁਝ ਨਹੀਂ ਕਰ ਸਕਾਂਗੇ। ਪਰ ਹੁਣ ਥੋੜ੍ਹੇ ਦਿਨਾਂ ਤੋਂ ਲੱਗ ਰਿਹਾ ਹੈ ਕਿ ਲੋਕ ਟੈਸਟ ਕਰਵਾਉਣ ਲਈ ਜ਼ਿਆਦਾ ਗਿਣਤੀ ’ਚ ਆ ਰਹੇ ਹਨ। ਸਾਡੇ ਕੋਲ ਇਸ ਸਮੇਂ ਆਕਸੀਜਨ ਦੀ ਵੱਡੀ ਦਿੱਕਤ ਹੈ, ਪਰ ਸਾਡੀ ਕੋਸ਼ਿਸ਼ ਹੈ ਕਿ ਕੋਰੋਨਾ ਸੰਕ੍ਰਮਣ ਨੂੰ ਰੋਕਣ ਲਈ ਹਰ ਕਦਮ ਚੁੱਕਿਆ ਜਾਵੇ।
ਇਹ ਵੀ ਪੜ੍ਹੋ: ਕੋਰੋਨਾ ਨਿਯਮਾਂ ਦੀ ਉਲੰਘਣਾਂ ਕਰਨ ਤਹਿਤ ਸਿਹਤ ਮੰਤਰੀ ਖ਼ਿਲਾਫ਼ ਸ਼ਿਕਾਇਤ