ਚੰਡੀਗੜ੍ਹ: ਭਾਰਤ 'ਚ ਬੈਨ ਸਿਖਸ ਫਾਰ ਜਸਟਿਸ (ਐਸਐਫਜੇ) ਸੰਗਠਨ ਨੇ 13 ਸਤੰਬਰ ਨੂੰ ਪੰਜਾਬ 'ਚ ਰੇਲ ਗੱਡੀਆਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਐਸਐਫਜੇ ਨੇ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਵੀ ਲਿਖਿਆ ਹੈ। ਐਸਐਫਜੇ ਦੇ ਇਸ ਐਲਾਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ।
ਕੇਂਦਰੀ ਰੇਲ ਮੰਤਰੀ ਨੂੰ ਈਮੇਲ ਰਾਹੀਂ ਭੇਜੇ ਪੱਤਰ ਵਿੱਚ ਐਸਐਫਜੇ ਆਗੂ ਅਤੇ ਵਕੀਲ ਗੁਰਪਤਵੰਤ ਸਿੰਘ ਪੰਨੂ ਨੇ 13 ਤਰੀਕ ਨੂੰ ਪੰਜਾਬ ਵਿੱਚ ਸਾਰੀਆਂ ਟ੍ਰੇਨਾਂ ਰੱਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕੋਈ ਅਣੁਸਖਾਵੀਂ ਘਟਨਾ ਨਾ ਵਾਪਰ ਸਕੇ।
ਐਸਐਫਜੇ ਨੇ ਪੱਤਰ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਸੰਗਠਨ ਦੇ ਰੇਲ ਰੋਕੋ ਸੱਦੇ ਨੂੰ ਕਿਸਾਨਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ ਅਤੇ ਕਿਸਾਨ ਇਸ ਦਾ ਸਮਰਥਨ ਕਰਨ ਲਈ ਪੰਜਾਬ ਭਰ ਦੇ ਰੇਲਵੇ ਟ੍ਰੈਕਾਂ 'ਤੇ ਧਰਨੇ ਦੇਣਗੇ।
ਪੱਤਰ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਵਧ ਰਹੀਆਂ ਖੁਦਕੁਸ਼ੀਆਂ ਪ੍ਰਤੀ ਮੋਦੀ ਸਰਕਾਰ ਦੇ ਨਕਾਰਾਤਮਕ ਰਵੱਈਏ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਐਸਐਫਜੇ ਵੱਲੋਂ ਕਿਸਾਨਾਂ ਦੀ ਦੁਰਦਸ਼ਾ ਨੂੰ ਉਜਾਗਰ ਕਰਨ ਲਈ ਰੇਲ ਰੋਕੋ ਦਾ ਸੱਦਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਸਐਫਜੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਸੂਬੇ ਅੰਦਰ ਕਈ ਥਾਵਾਂ 'ਤੇ ਖ਼ਾਲਿਸਤਾਨੀ ਝੰਡੇ ਲਹਿਰਾਉਣ 'ਚ ਕਾਮਯਾਬ ਰਹੀ ਸੀ ਅਤੇ ਹੁਣ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।