ਚੰਡੀਗੜ੍ਹ: ਪੰਜਾਬ ਵੱਡੇ ਉਦਯੋਗ ਵਿਕਾਸ ਬੋਰਡ (ਪੀਐਲਆਈਡੀਬੀ) ਦੇ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਵਿੱਚ ਰੇਲ ਸੇਵਾਵਾਂ ਦੀ ਮੁਅੱਤਲੀ ਨੂੰ ਲੈ ਕੇ ਬਣੀ ਭੰਬਲਭੂਸੇ ਦੀ ਸਥਿਤੀ ਨੂੰ ਤੋੜਨ ਵਿੱਚ ਸਫਲਤਾ ਮਿਲਣ ਤੋਂ ਬਾਅਦ ਭਾਰਤੀ ਰੇਲਵੇ ਵੱਲੋਂ ਪੰਜਾਬ ਤੋਂ ਅਤੇ ਪੰਜਾਬ ਲਈ ਰੇਲ ਸੇਵਾਵਾਂ ਸ਼ੁਰੂ ਕੀਤੇ ਜਾਣ ਦਾ ਖਿੱਤੇ ਦੇ ਸਨਅਤਕਾਰਾਂ ਵੱਲੋਂ ਖਿੜੇ ਮੱਥੇ ਸਵਾਗਤ ਕੀਤਾ ਗਿਆ ਹੈ।
ਕਿਸਾਨ ਯੂਨੀਅਨਾਂ ਵੱਲੋਂ ਮੁੱਖ ਮੰਤਰੀ ਦੀ ਅਪੀਲ ਮੰਨਣ ਅਤੇ ਰੇਲ ਪਟੜੀਆਂ ਤੋਂ ਧਰਨਾ ਚੁੱਕਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਰੇਲ ਸੇਵਾਵਾਂ ਮੁੜ ਬਹਾਲ ਕਰਨ 'ਤੇ ਉਦਯੋਗਪਤੀਆਂ ਨੇ ਸੁੱਖ ਦਾ ਸਾਹ ਲਿਆ ਹੈ।
ਮਹਾਂਮਾਰੀ ਦੇ ਫੈਲਣ ਕਾਰਨ ਰੇਲ ਸੇਵਾਵਾਂ ਦੀ ਮੁਅੱਤਲੀ ਅਤੇ ਇਸ ਤੋਂ ਬਾਅਦ ਕਿਸਾਨਾਂ ਵੱਲੋਂ ਰੇਲ ਪੱਟੜੀਆਂ ਰੋਕਣ ਨਾਲ ਉਦਯੋਗ ਨੂੰ ਭਾਰੀ ਸੱਟ ਵੱਜੀ ਹੈ। ਕੋਰੋਨਾ ਦੀ ਸੰਕਟਕਾਲੀ ਸਥਿਤੀ ਦੇ ਮੱਦੇਨਜ਼ਰ ਮਜ਼ਦੂਰਾਂ ਦੀ ਘਾਟ ਕਾਰਨ ਉਦਯੋਗਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਰੇਲ ਆਵਾਜਾਈ ਦੀ ਮੁਅੱਤਲੀ ਕਾਰਨ ਹਾਲਾਤ ਹੋਰ ਗੰਭੀਰ ਹੋ ਗਏ ਹਨ। ਇਸ ਕਾਰਨ ਉਦਯੋਗਪਤੀਆਂ ਨੂੰ ਕੱਚੇ ਮਾਲ ਦੀ ਘਾਟ, ਮਿੱਥੇ ਸਮੇਂ ਮਾਲ ਦੀ ਸਪਲਾਈ ਦੇਣ ਅਸਫਲ ਰਹਿਣ, ‘ਪ੍ਰੀਮੀਅਮ ਕੀਮਤਾਂ 'ਤੇ ਮਾਲ ਦੀ ਖਰੀਦ ਜਾਂ ਟਰੱਕਾਂ ਰਾਹੀਂ ਮਾਲ ਲਿਆਉਣ-ਲਿਜਾਣ ਦੇ ਵਾਧੂ ਖਰਚਿਆਂ ਵਰਗੀਆਂ ਸਮੱਸਿਆਵਾਂ ਦੀ ਚਿੰਤਾ ਵਧਦੀ ਜਾ ਰਹੀ ਹੈ।
ਯਾਤਰੀਆਂ, ਕਿਸਾਨਾਂ ਅਤੇ ਉਦਯੋਗਾਂ ਨੂੰ ਮਿਲੇਗਾ ਲਾਭ
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਕਈ ਮਹੀਨਿਆਂ ਤੋਂ ਰੇਲ ਪਟੜੀਆਂ 'ਤੇ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਿਸ ਨਾਲ ਖੇਤਰ ਵਿੱਚ ਯਾਤਰੀਆਂ ਅਤੇ ਮਾਲ ਗੱਡੀਆਂ ਦੀਆਂ ਸੇਵਾਵਾਂ ਵਿੱਚ ਵਿਘਨ ਪਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਹਾਲ ਹੀ ਦੀਆਂ ਘਟਨਾਵਾਂ ਅਨੁਸਾਰ ਰੇਲ ਅੰਦੋਲਨ ਨੂੰ ਹਟਾਇਆ ਗਿਆ ਹੈ ਜੋ ਕਿ ਯਾਤਰੀਆਂ, ਕਿਸਾਨਾਂ ਅਤੇ ਉਦਯੋਗਾਂ ਸਮੇਤ ਸਾਰਿਆਂ ਲਈ ਲਾਭਕਾਰੀ ਹੋਵੇਗਾ। ਉਨ੍ਹਾਂ ਨੇ ਪੰਜਾਬ ਦੇ ਵੱਡੇ ਹਿੱਤਾਂ ਲਈ ਧਰਨਾ ਮੁਲਤਵੀ ਕਰਨ ਲਈ ਪੰਜਾਬ ਸਰਕਾਰ, ਭਾਰਤੀ ਰੇਲਵੇ ਅਤੇ ਖਾਸਕਰ ਕਿਸਾਨ ਯੂਨੀਅਨਾਂ ਦਾ ਧੰਨਵਾਦ ਕੀਤਾ।