ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਨਾਲ ਜੁੜੇ ਇੱਕ ਮਾਮਲੇ ਵਿੱਚ ਮੁਲਜ਼ਮ ਦੇ ਹੈਂਡਰਾਈਟਿੰਗ(Handwriting) ਦੇ ਲਏ ਸੈਂਪਲ ਨੂੰ ਚੁਣੌਤੀ ਸਬੰਧੀ ਪਟੀਸ਼ਨ 'ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਟਰਾਇਲ ਕੋਰਟ ਵਿੱਚ ਚਲਾਨ ਪੇਸ਼ ਕੀਤੇ ਜਾਣ 'ਤੇ ਜਸਟਿਸ ਹਰਨਾਰੇਸ਼ ਸਿੰਘ ਗਿੱਲ ਨੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਸੀ।
ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਇਸ ਤੋਂ ਪਹਿਲਾਂ ਸੀਬੀਆਈ ਪਟੀਸ਼ਨਕਰਤਾ ਸੁਖਜਿੰਦਰ ਸਿੰਘ ਉਰਫ ਸੰਨੀ ਦੀ ਹੈਂਡਰਾਈਟਿੰਗ ਦੇ ਸੈਂਪਲ ਜਾਂਚ ਲਈ ਭੇਜ ਚੁੱਕੀ ਹੈ ਅਤੇ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਵਿਵਾਦਿਤ ਟਿੱਪਣੀ ਕਰਨ ਵਾਲੇ ਪੋਸਟਰ ਦੀ ਲਿਖਾਵਟ ਨਾਲ ਉਸ ਦੀ ਹੈਂਡਰਾਈਟਿੰਗ ਮੇਲ ਨਹੀਂ ਖਾਂਦੀ। ਅਜਿਹੇ ਵਿੱਚ ਦੁਬਾਰਾ ਜਾਂਚ ਕਰਨਾ ਗਲਤ ਹੈ। ਪਟੀਸ਼ਨ ਵਿੱਚ ਕਿਹਾ ਗਿਆ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਮਾਮਲੇ ਵਿੱਚ ਮੌਜੂਦ ਤੱਥਾਂ 'ਤੇ ਅੱਗੇ ਜਾਂਚ ਤਾਂ ਕਰ ਸਕਦੀ ਹੈ ਪਰ ਦੁਬਾਰਾ ਜਾਂਚ ਨਹੀਂ ਕਰ ਸਕਦੀ। ਅਜਿਹੇ ਵਿੱਚ ਹੈਂਡਰਾਈਟਿੰਗ ਦੇ ਸੈਂਪਲ ਭੇਜਣ 'ਤੇ ਰੋਕ ਲਗਾਈ ਜਾਵੇ।
ਇਹ ਵੀ ਪੜ੍ਹੋ:ਦਲਿਤ ਕਾਰਡ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਖੇਡਿਆ ‘ਹਿੰਦੂ ਕਾਰਡ’
ਦੱਸ ਦੇਈਏ ਕਿ ਪਿੰਡ ਬਰਗਾੜੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਚਾਲਿਤ ਗੁਰਦੁਆਰੇ ਦੇ ਬਾਹਰ ਪੋਸਟਰ ਲਗਾਏ ਗਏ ਸੀ। ਜਿਸ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਸੀ। ਫਰੀਦਕੋਟ ਪੁਲਿਸ ਨੇ ਇਸ ਮਾਮਲੇ 'ਚ 25 ਸਤੰਬਰ 2015 ਨੂੰ ਐਫਆਈਆਰ ਦਰਜ ਕਰ ਦਿੱਤੀ ਸੀ।
ਇਸ ਤੋਂ ਇਲਾਵਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਦੰਗਾ ਭੜਕਾਉਣ ਦੇ ਮਾਮਲੇ ਵਿੱਚ ਬਾਜਾਖਾਨਾ ਪੁਲਿਸ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਕ ਤੀਜੀ ਐਫਆਈਆਰ ਪਾਵਨ ਸਰੂਪ ਨਾਲ ਛੇੜਛਾੜ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਿਸ ਫਾਇਰਿੰਗ ਦੇ ਮਾਮਲੇ 'ਚ ਦਰਜ ਕੀਤੀ ਗਈ ਸੀ। ਇੰਨ੍ਹਾਂ ਤਿੰਨਾਂ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਦਿੱਤੀ ਗਈ ਸੀ । ਅਗਸਤ 2018 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰ ਸੀਬੀਆਈ ਤੋਂ ਜਾਂਚ ਵਾਪਸ ਲੈ ਕੇ ਪੰਜਾਬ ਪੁਲਿਸ ਦੀ ਐੱਸਆਈਟੀ ਨੂੰ ਦੇ ਦਿੱਤੀ ਗਈ ਸੀ ।
ਇਹ ਵੀ ਪੜ੍ਹੋ:ਵਿਧਾਇਕ ਸਿਮਰਜੀਤ ਸਿੰਘ ਬੈਂਸ ਮਾਮਲੇ ਦੇ ’ਚ ਹਾਈ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ