ਚੰਡੀਗੜ੍ਹ: ਬੇਅਦਬੀ ਮਾਮਲੇ ਦੇ ਮੁਲਜ਼ਮ ਸੁਖਜਿੰਦਰ ਸਿੰਘ ਸੰਨੀ (Sukhjinder Singh Sunny) ਦੀ ਪਟੀਸ਼ਨ (Petition) ਪੰਜਾਬ ਹਰਿਆਣਾ ਹਾਈਕੋਰਟ (Punjab Haryana High Court) ਨੇ ਖਾਰਿਜ ਕਰ ਦਿੱਤੀ ਹੈ ਅਤੇ ਬੇਅਦਬੀ ਮਾਮਲੇ ਦੇ ਵਿੱਚ ਜਿਹੜਾ ਚਾਲਾਨ ਐਸਆਈਟੀ ਵੱਲੋਂ ਪੇਸ਼ ਕੀਤਾ ਗਿਆ ਉਸ ‘ਤੇ ਵੀ ਰੋਕ ਹਟਾ ਦਿੱਤੀ ਗਈ ਹੈ।
ਮੁਲਜ਼ਮ ਸੁਖਜਿੰਦਰ ਸਿੰਘ ਨੇ ਆਪਣੀ ਹੱਥ ਲਿਖਤ ਦੇ ਸੈਂਪਲ ਦੀ ਜਾਂਚ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਹੋਇਆ ਸੀ। ਇਸ ਮਾਮਲੇ ਵਿੱਚ ਚਲਾਨ ਦਾਇਰ ਕੀਤਾ ਸੀ ਜਿਸ ‘ਤੇ ਵੀ ਹਾਈ ਕੋਰਟ ਨੇ ਰੋਕ ਲਗਾਈ ਸੀ।
ਦਰਅਸਲ ਮੁਲਜ਼ਮ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਪਹਿਲਾਂ ਪੰਜਾਬ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਬਾਅਦ ਵਿੱਚ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ। ਇਸ ਮਾਮਲੇ ਵਿਚ ਪਟੀਸ਼ਨਰ ਸਮੇਤ ਸਾਰੇ ਸੱਤ ਮੁਲਜ਼ਮਾਂ ਦੇ ਹੱਥ ਲਿਖਤ ਦੇ ਸੈਂਪਲ ਲੈਕੇ ਟੈਸਟ ਕੀਤੇ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਬੇਕਸੂਰ ਮੰਨਦੇ ਹੋਏ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਾਖ਼ਲ ਕਰ ਦਿੱਤੀ ਸੀ। ਆਪਣੀ ਪਟੀਸ਼ਨ ਵਿੱਚ ਸੁਖਜਿੰਦਰ ਸਿੰਘ ਨੇ ਲਿਖਿਆ ਸੀ ਕਿ ਨਵੀਂ ਐਸਆਈਟੀ ਰੀਇਨਵੈਸਟੀਗੇਸ਼ਨ ਨਹੀਂ ਕਰ ਸਕਦੀ ਬਲਕਿ ਅੱਗੇ ਜਾਂਚ ਕਰ ਸਕਦੀ ਹੈ।
ਜਿਕਰਯੋਗ ਹੈ ਕਿ ਬੇਅਦਬੀ 2015 ਚ ਹੋਈ ਸੀ ਉਸ ਤੋਂ ਬਾਅਦ ਗੋਲੀਕਾਂਡ ਦੀ ਘਟਨਾ ਵਾਪਰੀ ਪਰ ਅਜੇ ਤੱਕ ਸਿਰਫ ਮਾਮਲੇ ਦੇ ਵਿੱਚ ਜਾਂਚ ਹੀ ਚੱਲ ਰਹੀ ਹੈ। ਦੂਜੇ ਪਾਸੇ ਇਸ ਮੁੱਦੇ ‘ਤੇ ਸੂਬੇ ਦੇ ਵਿੱਚ ਸਿਆਸਤ ਵੀ ਕਾਫੀ ਹੋ ਰਹੀ ਹੈ ਕਿਉਂਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਸੱਤਾਂ ਹਥਿਆਉਣ ਦੇ ਲਈ ਇੱਕ ਦੂਜੇ ‘ਤੇ ਸਵਾਲ ਖੜ੍ਹੇ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਪ੍ਰਧਾਨਗੀ ਮਿਲਣ ਤੋਂ ਬਾਅਦ ਸਿੱਧੂ ਗਰਮਜੋਸ਼ੀ ਨਾਲ ਚੁੱਕਣਗੇ ਮੁੱਦੇ ?