ਚੰਡੀਗੜ੍ਹ: ਕੋਰੋਨਾ ਟੈਸਟ ਦੀ ਗਲਤ ਰਿਪੋਰਟ ਦੇਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਤੁੱਲੀ ਡਾਇਗਨੌਸਟਿਕ ਸੈਂਟਰ ਅਤੇ ਹੋਰਨਾ ਪਟੀਸ਼ਨਰਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਹਤ ਦਿੱਤੀ ਹੈ।
ਹਾਈ ਕੋਰਟ ਨੇ ਇਨ੍ਹਾਂ ਦੇ ਖ਼ਿਲਾਫ਼ ਦਰਜ ਐੱਫਆਈਆਰ ਵਿੱਚ 7 ਸਤੰਬਰ ਤੱਕ ਕਾਰਵਾਈ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਕੋਰਟ ਨੇ ਵਿਜੀਲੈਂਸ ਦੀ ਕਾਰਵਾਈ 'ਤੇ ਵੀ ਕਈ ਸਵਾਲ ਚੁੱਕੇ। ਕੋਰਟ ਨੇ ਕਿਹਾ ਕਿ ਵਿਜੀਲੈਂਸ ਨੇ ਸਿਰਫ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰ ਦਿੱਤੀ ਜਦ ਕਿ ਹਾਲੇ ਤੱਕ ਨਾ ਤਾਂ ਐੱਸਆਈਟੀ ਦੀ ਰਿਪੋਰਟ ਆਈ ਅਤੇ ਨਾ ਹੀ ਸਿਵਲ ਸਰਜਨ ਵੱਲੋਂ ਬਣਾਈ ਗਈ ਮੈਡੀਕਲ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਹੈ।
ਹਾਈ ਕੋਰਟ ਵਿੱਚ ਤੁੱਲੀ ਲੈਬ ਵੱਲੋਂ ਪੇਸ਼ ਹੋਏ ਵਕੀਲ ਦਿਵਾਂਸ਼ੂ ਜੈਨ ਨੇ ਦੱਸਿਆ ਕਿ ਵਿਜੀਲੈਂਸ ਦੀ ਐੱਫਆਈਆਰ ਸਿਰਫ ਲੋਕਾਂ ਦੀ ਸ਼ਿਕਾਇਤ 'ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਤੁੱਲੀ ਲੈਬ ਵਿੱਚ ਕੁੱਲ 1723 ਟੈਸਟ ਹੋਏ ਜਿਨ੍ਹਾਂ ਦੇ ਵਿੱਚ ਸਿਰਫ਼ 110 ਦੀ ਰਿਪੋਰਟ ਪੌਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਦਾ ਸੁਝਾਅ ਦਿੱਤਾ ਗਿਆ। ਉਨ੍ਹਾਂ ਕੋਰਟ ਨੂੰ ਇਹ ਵੀ ਦੱਸਿਆ ਕਿ ਅਜਿਹੇ ਟੈਸਟਾਂ ਵਿੱਚ 10 ਤੋਂ 12 ਫ਼ੀਸਦੀ ਗਲਤ ਨਤੀਜੇ ਆਉਣ ਦੇ ਮਾਮਲੇ ਦੁਨੀਆ ਭਰ ਵਿੱਚ ਵੇਖੇ ਗਏ ਹਨ।
ਕੋਰਟ ਨੇ ਅਗਲੀ ਸੁਣਵਾਈ ਲਈ ਸੱਤ ਸਤੰਬਰ ਦੀ ਤਾਰੀਕ ਤੈਅ ਕਰਦੇ ਹੋਏ ਵਿਜੀਲੈਂਸ ਨੂੰ ਸਬੂਤ ਦੇ ਨਾਲ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ।