ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਸ਼ੁਰੂ ਕੀਤੀ 'ਸਮਾਰਟ ਰਾਸ਼ਨ ਕਾਰਡ' ਯੋਜਨਾ ਦਾ ਕਾਂਗਰਸੀਕਰਨ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੱਖਾਂ ਲੋੜਵੰਦ ਗ਼ਰੀਬਾਂ ਨੂੰ ਇਸ ਲਾਭ ਤੋਂ ਵਾਂਝੇ ਰੱਖਣ ਦਾ ਦੋਸ਼ ਲਗਾਇਆ ਹੈ।
'ਰਾਸ਼ਨ ਕਾਰਡਾਂ 'ਤੇ ਆਪਣੀ ਫ਼ੋਟੋ ਲਾ ਕੇ ਲੈ ਰਹੇ ਸਿਆਸੀ ਲਾਹਾ'
ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਗ਼ਰੀਬ ਦੀ ਰੋਟੀ ਵਿਚੋਂ ਸਿਆਸੀ ਲਾਹਾ ਲੈਣ ’ਚ ਬਾਦਲਾਂ ਨਾਲੋਂ ਵੀ ਚਾਰ ਕਦਮ ਅੱਗੇ ਲੰਘ ਗਈ ਹੈ। ਜਿਵੇਂ ਬਾਦਲ ਨੀਲੇ ਕਾਰਡਾਂ ’ਤੇ ਆਪਣੀ ਫੋਟੋ ਚਿਪਕਾ ਕੇ ਗ਼ਰੀਬ ਨੂੰ ਚਿੜਾਉਦੇ ਸਨ, ਠੀਕ ਉਸੇ ਦੌੜ ’ਚ ਅਮਰਿੰਦਰ ਸਿੰਘ ਪਏ ਹੋਏ ਹਨ। ਰਾਜਾ ਸਾਬ੍ਹ ਨੇ ਪਹਿਲਾਂ ਕੋਰੋਨਾ ਮਹਾਂਮਾਰੀ ਦੌਰਾਨ ਗਰੀਬਾਂ ਨੂੰ ਰਾਸ਼ਨ ਵੰਡਣ ਦੇ ਡਰਾਮੇ ’ਚ ਝੋਲਿਆਂ ’ਤੇ ਆਪਣੀ ਫੋਟੋ ਅਤੇ ਹੁਣ ਸਮਾਰਟ ਰਾਸ਼ਨ ਕਾਰਡ ‘ਤੇ ਵੀ ਆਪਣੀ ਫੋਟੋ ਚਿਪਕਾ ਲਈ ਹੈ।
'ਗ਼ਰੀਬਾਂ ਨੂੰ ਚਿੜਾਉਂਦੀ ਹੈ ਤੁਹਾਡੀ ਫ਼ੋਟੋ ਕੈਪਟਨ ਸਾਬ੍ਹ'
ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਤੁਹਾਡੀ ਇਹ ਫੋਟੋ ਗਰੀਬਾਂ-ਲੋੜਵੰਦਾਂ ਦਾ ਦਿਲ ਨਹੀਂ ਜਿੱਤੇਗੀ। ਕਿਉਂਕਿ ਤੁਹਾਡੀ ਕਿਤੇ ਵੀ ਲੱਗੀ ਫੋਟੋ ਕਿਸਾਨਾਂ, ਮਜਦੂਰਾਂ, ਵਪਾਰੀਆਂ, ਬੇਰੁਜਗਾਰਾਂ, ਬਜੁਰਗਾਂ ਖਾਸਕਰ ਗਰੀਬਾਂ-ਦਲਿਤਾਂ ਬੇਹੱਦ ਨੂੰ ਚਿੜਾਉਦੀ ਅਤੇ ਖਿਝਾਉਦੀ ਹੈ ਕਿ ਇਹ ਝੂਠਾ ਅਤੇ ਫਰੇਬੀ ਰਾਜਾ 2017 ’ਚ ਵੱਡੇ-ਵੱਡੇ ਲਾਰਿਆਂ ਨਾਲ ਕਿਵੇਂ ਸਭ ਨੂੰ ਬੇਵਕੂਫ਼ ਬਣਾ ਗਿਆ?’’
'ਕੈਪਟਨ ਨਾਲ ਵੀ ਹੋਵੇਗੀ ਬਾਦਲਾਂ ਵਾਲੀ'
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਵੇਂ ਪੰਜਾਬ ਦੇ ਲੋਕਾਂ ਅਤੇ ਲੋੜਵੰਦ ਗਰੀਬਾਂ-ਦਲਿਤਾਂ ਨੇ ਪਹਿਲਾ ਨੀਲੇ ਕਾਰਡਾਂ ਅਤੇ ਸਕੂਲੀ ਵਿਦਿਆਰਥਣਾਂ ਦੇ ਸਾਇਕਲਾਂ ’ਤੇ ਆਪਣੀ ਫੋਟੋ ਚਿਪਾਕਾਉਣ ਵਾਲੇ ਬਾਦਲਾਂ ਨੂੰ ਰੋਲ ਦਿੱਤਾ ਸੀ, 2022 ‘ਚ ਉਸ ਤੋਂ ਵੀ ਵੱਧ ਬੁਰਾ ਹਾਲ ਕਾਂਗਰਸ ਅਤੇ ਕੈਪਟਨ ਦਾ ਹੋਵੇਗਾ।
‘ਆਪ’ ਆਗੂਆਂ ਨੇ ਮੰਗ ਕੀਤੀ ਕਿ ਕਾਂਗਰਸੀਆਂ ਦੇ ਪੱਖਪਾਤੀ ਰਵੱਈਏ ਕਾਰਨ ਰਾਸ਼ਨ ਕਾਰਡ ਸਕੀਮ ਤੋਂ ਵਾਂਝੇ ਰੱਖੇ ਲੱਖਾਂ ਲੋੜਵੰਦ ਦਲਿਤਾਂ, ਗਰੀਬਾਂ ਦੇ ਬਿਨਾਂ ਪੱਖਪਾਤ ਤੁਰੰਤ ਸਮਾਰਟ ਰਾਸ਼ਨ ਕਾਰਡ ਬਣਾਏ ਜਾਣ।