ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਇਸ ਸਰਕਾਰ ਦੇ ਆਖਰੀ ਬਜਟ 'ਤੇ ਨਿਸ਼ਾਨਾ ਸਾਧਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਜਾ ਰਿਹਾ ਬਜਟ ਸਿਰਫ ਝੂਠ ਦਾ ਪੁਲੰਦਾ ਹੈ। ਨਾ ਤਾਂ ਹੁਣ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ, ਨਾ ਲੋਕਾਂ ਨੂੰ ਉਨ੍ਹਾਂ ਦੇ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਦਾ ਲਾਹਾ ਹੋ ਰਿਹਾ ਅਤੇ ਨਾ ਹੀ ਕੋਈ ਘਰ-ਘਰ ਰੋਜ਼ਗਾਰ ਦਿੱਤਾ ਗਿਆ। ਇਹ ਤਮਾਮ ਵਾਅਦੇ ਸਰਕਾਰ ਵੱਲੋਂ ਝੂਠੇ ਕੀਤੇ ਗਏ ਤੇ ਹੁਣ ਇਹ ਬਜਟ ਵੀ ਪ੍ਰਸ਼ਾਂਤ ਕਿਸ਼ੋਰ ਤੋਂ ਤਿਆਰ ਕਰਵਾਇਆ ਗਿਆ ਹੈ ਜਿਸ ਵਿੱਚ ਕੋਰਾ ਝੂਠ ਬੋਲਿਆ ਗਿਆ ਹੈ।
2017 ਵਿਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਹਾ ਸੀ ਕਿ ਦੋ ਹਜ਼ਾਰ ਕਰੋੜ ਦੇ ਕਰਜ਼ੇ ਕਿਸਾਨਾਂ ਦੇ ਮੁਆਫ਼ ਕੀਤੇ ਜਾਣਗੇ ਤੇ ਇਸ ਬਜਟ ਵਿੱਚ ਵੀ ਸਤਾਰਾਂ ਸੌ ਕਰੋੜ ਦੇ ਕਰਜ਼ੇ ਮੁਆਫ਼ ਕਰਨ ਦੀ ਗੱਲ ਕਹੀ ਗਈ ਲੇਕਿਨ ਜ਼ਮੀਨੀ ਹਕੀਕਤ ਕੁਝ ਅਲੱਗ ਹੈ। ਸਰਕਾਰ ਆਪਣੀਆਂ ਮਾੜੀਆਂ ਕਰਤੂਤਾਂ ਲੁਕੋਣ ਲਈ ਪ੍ਰਸ਼ਾਂਤ ਕਿਸ਼ੋਰ ਕੋਲੇ ਸਭ ਕੁਛ ਗਿਰਵੀ ਰੱਖ ਰਹੀ ਹੈ ਅਤੇ ਬਜਟ ਪਿਛਲੇ ਸਾਲ ਦੇ ਬਜਟ ਨਾਲੋਂ ਦੱਸ ਤੋਂ ਪੰਦਰਾਂ ਫ਼ੀਸਦੀ ਤੱਕ ਗਿਰਾਵਟ ਆਈ ਹੈ ਤੇ ਕੋਈ ਵੀ ਟੀਚਾ ਸਰਕਾਰ ਪੂਰਾ ਨਹੀਂ ਕਰ ਸਕੀ।
ਇਸ ਦੌਰਾਨ ਜਦੋਂ ਹਰਪਾਲ ਚੀਮਾ ਨੂੰ ਸਵਾਲ ਕੀਤਾ ਗਿਆ ਕਿ ਸਰਕਾਰ 84 ਫੀਸਦੀ ਵਾਅਦੇ ਪੂਰੇ ਕਰਨ ਦਾ ਦਾਅਵਾ ਕਰ ਰਹੀ ਹੈ ਜਿਸ 'ਤੇ ਨਿਸ਼ਾਨਾ ਸਾਧਿਆ ਚੀਮਾ ਨੇ ਕਿਹਾ ਕਿ ਸਰਕਾਰ ਨੇ ਮਹਿਜ਼ ਚਾਰ ਸਾਲਾਂ ਦੇ ਵਿੱਚ ਖਾਨਾਪੂਰਤੀ ਕੀਤੀ ਹੈ ਅਤੇ ਹੁਣ ਵੀ ਖਾਨਾਪੂਰਤੀ ਕਰ ਰਹੀ ਹੈ।