ਚੰਡੀਗੜ੍ਹ: ਪੰਜਾਬ ਰਾਜ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਵਿੱਚ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਕੇ ਕੈਦੀਆਂ ਦੀ ਜਿੰਦਗੀ ਸੁਧਾਰਕੇ ਉਨਾਂ ਨੂੰ ਮੁੱਖਧਾਰਾ ਵਿੱਚ ਲਿਅਉਣ ਦੇ ਮਕਸਦ ਨਾਲ ਜੇਲ੍ਹ ਵਿਭਾਗ ਵੱਲੋਂ ਕੈਦੀਆਂ ਨੂੰ ਵਿੱਦਿਅਕ ਮਾਹੌਲ ਮੁਹੱਈਆ ਕਰਾਉਣ ਲਈ ਹਰੇਕ ਜੇਲ੍ਹ ਵਿੱਚ 50 ਵਿਦਿਆਰਥੀਆਂ ਦੀ ਸਮਰੱਥਾ ਦੇ ਕਲਾਸਰੂਮ ਬਣਾਉਦ ਦੀ ਯੋਜਨਾ ਹੈ।
ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਰਾਜ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰ ਵੱਲੋਂ ਕੈਦ ਦੌਰਾਨ ਸਿੱਖਿਆ ਹਾਸਲ ਕਰਨ ਨੂੰ ਚੰਗੇ ਵਿਹਾਰ/ਸਜ਼ਾ ਮੁਆਫੀ ਲਈ ਤੈਅ ਮਾਪਦੰਡਾਂ ਵਿੱਚ ਸ਼ਾਮਲ ਕਰਕੇ ਅਜਿਹੇ ਕੈਦੀਆਂ ਨੂੰ ਲਾਭ ਦੇਣਾ ਵੀ ਵਿਚਾਰ ਅਧੀਨ ਹੈ।
ਬੈਂਸ ਨੇ ਦੱਸਿਆ ਕਿ ਪਹਿਲਾਂ ਪੰਜਾਬ ਰਾਜ ਵਿੱਚ ਸਥਾਪਤ ਹੋਣ ਵਾਲੀ ਹਰੇਕ ਜੇਲ੍ਹ ਵਿੱਚ ਪੰਜਾਹ ਵਿਦਿਆਥੀ ਦੀ ਸਮਰਥਾ ਵਾਲੇ 2 ਤੋਂ 3 ਕਮਰੇ ਬਣਾਏ ਜਾਣਗੇ ਅਤੇ ਨਾਲ ਹੀ ਭਵਿੱਖ ਵਿੱਚ ਜੇ ਹੋਰ ਕਮਰਿਆਂ ਦੀ ਲੋੜ ਹੋਵੇ ਤਾਂ ਉਸਦੀ ਵੀ ਪਹਿਲਾਂ ਹੀ ਜਗਾ ਨਿਸ਼ਚਿਤ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਜੇਲ੍ਹਾਂ ਵਿੱਚ ਬੰਦ ਕੈਦੀਆਂ ਲਈ ਲਾਇਬਰੇਰੀ ਦੀ ਸਹੂਲਤ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਸੇਧ ਦਿੱਤੀ ਜਾ ਸਕੇ।
ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਰਾਜ ਨੂੰ ਅਪਰਾਧ ਮੁਕਤ ਕਰਨ ਲਈ ਵਚਨਬੱਧ ਹੈ ਅਤੇ ਇਸ ਰਾਹ 'ਤੇ ਵਿਆਪਕ ਉਪਰਾਲੇ ਕੀਤੇ ਗਏ ਹਨ। ਇਹਨਾਂ ਉਪਰਾਲਿਆਂ ਤਹਿਤ ਹੀ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਵੀ ਸਹੀ ਰਾਹ ’ਤੇ ਲਿਆਉਣ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਜੇਲ੍ਹ ਮੰਤਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਦੀਆਂ ਜੇਲ੍ਹਾਂ ’ਚ ਕੈਦੀਆਂ ਦੀ ਵਿੱਦਿਅਕ ਯੋਗਤਾ ‘ੳ’, ‘ਅ’ ਅਤੇ ‘ੲ’ ਦੇ ਅਧਾਰ ’ਤੇ ਕੀਤੀ ਗਈ ਹੈ। ਵਿੱਦਿਅਕ ਯੋਗਤਾ ‘ੳ’ ਅਧੀਨ ਕੁੱਲ 271 ਕੈਦੀ ਆਉਂਦੇ ਹਨ, ਜੋ ਬਿਲਕੁਲ ਅਨਪੜ ਹਨ, ਜਿਨਾਂ ਨੂੰ ਪੰਜਾਬ ਸਰਕਾਰ ਦੇ ਐਸ.ਸੀ.ਈ.ਆਰ.ਟੀ. ਪ੍ਰੋਗਰਾਮ ਰਾਹੀਂ ਜੇਲ੍ਹ ਵਿੱਚ ਹੀ ਸਿੱਖਿਆ ਦੇ ਕੇ ਪੜਣ-ਲਿਖਣ ਦੇ ਸਮਰੱਥ ਕੀਤਾ ਜਾਂਦਾ ਹੈ।
ਇਸੇ ਤਰਾਂ ਕੈਟਾਗਰੀ ‘ਅ’ ਅਧੀਨ ਉਨਾਂ ਕੈਦੀਆਂ ਨੂੰ ਰੱਖਿਆ ਗਿਆ ਹੈ ਜੋ ਕਿ 10ਵੀਂ ਅਤੇ 12ਵੀਂ ਕਰਨ ਦੇ ਇੱਛੁਕ ਹਨ। ਇਨਾਂ ਕੈਦੀਆਂ ਦੇ ਨੈਸ਼ਨਲ ਇੰਸਟੀਟਿਊਟ ਆਫ ਓਪਨ ਸਕੂਲ ਕੋਲ ਨਾਮ ਦਰਜ ਕਰਵਾਏ ਗਏ ਹਨ, ਇਨਾਂ ਕੈਦੀਆਂ ਦੀ ਗਿਣਤੀ 75 ਹੈ।
ਇਸੇ ਤਰਾਂ ਕੈਟਾਗਰੀ ‘ੲ’ ਅਧੀਨ ਕੁੱਲ 49 ਕੈਦੀ ਹਨ, ਇਹ ਉਹ ਕੈਦੀ ਹਨ ਜੋ 12ਵੀਂ ਪਾਸ ਹਨ ਅਤੇ ਗਰੈਜੂਏਸ਼ਨ ਅਤੇ ਉਚੇਰੀ ਵਿੱਦਿਆ ਹਾਸਲ ਕਰਨ ਦੇ ਇੱਛੁਕ ਹਨ। ਇਨ੍ਹਾਂ ਵਿਦਿਆਰਥੀਆਂ ਦੇ ਨਾਮ ਜਗਤ ਗੁਰੂ ਨਾਨਕ ਓਪਨ ਯੂਨੀਵਰਸਿਟੀ ਪਟਿਆਲਾ ਦੇ ਵੱਖ ਵੱਖ ਕੋਰਸਾਂ ਵਿੱਚ ਦਰਜ ਕਰਵਾਏ ਗਏ ਹਨ। ਇਸ ਤੋਂ ਇਲਾਵਾ ਇਨਾਂ ਕੈਦੀਆਂ ਨੂੰ ਨਾਮੀ ਯੂਨੀਵਰਸਿਟੀਆਂ ਜਿਵੇਂ ਕਿ ਇਗਨੂੰ ਤੋਂ ਵੀ ਡਿਗਰੀਆਂ ਹਾਸਲ ਕਰਨ ਦੇ ਮੌਕੇ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਆਉਂਦੀਆਂ ਪੰਜ ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਦਿੱਤੇ ਹੁਕਮ