ਚੰਡੀਗੜ੍ਹ: ਸੂਬੇ 'ਚ ਸਰਕਾਰ ਅਤੇ ਵਿਧਾਇਕਾਂ ਵਿਚਕਾਰ ਤਕਰਾਰ ਖ਼ਤਮ ਕਰਨ ਅਤੇ 2022 'ਚ ਮੁੜ ਸੱਤਾ 'ਚ ਆਉਣ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਬੀਤੇ ਦਿਨੀਂ ਕਾਂਗਰਸ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਨੇ ਵੀ 31 ਕਿਸਾਨ ਜੱਥੇਬੰਦੀਆਂ 'ਤੇ ਆਗੂਆਂ ਨਾਲ ਪੰਜਾਬ ਭਵਨ 'ਚ ਬੈਠਕ ਕਰ ਖੇਤੀ ਬਿਲਾਂ ਦੇ ਮੰਥਨ ਕੀਤਾ ਸੀ।
ਕਾਂਗਰਸੀ ਵਿਧਾਇਕ ਫਤਿਹ ਜੰਗ ਬਾਜਵਾ ਨੇ ਮੀਡੀਆ ਦੇ ਰੂ-ਬਰੂ ਹੁੰਦਿਆਂ ਦੱਸਿਆ ਕਿ ਕਾਂਗਰਸ ਹਾਈਕਮਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਸੁਨੇਹੇ 'ਤੇ ਹਰੀਸ਼ ਰਾਵਤ ਅੱਜ ਵਿਧਾਇਕਾਂ ਨਾਲ ਮੁਲਾਕਾਤ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਨੇ ਸਾਰੇ ਵਿਧਾਇਕਾਂ ਨੂੰ ਆਪੋ ਆਪਣੇ ਹਲਕੇ 'ਚ ਜਾ ਲੋਕਾਂ ਦੀ ਸਮੱਸਿਆਵਾਂ ਸੁਣ ਉਨ੍ਹਾਂ ਦਾ ਹਲ ਕੱਢਣ ਅਤੇ ਉਨ੍ਹਾਂ ਨਾਲ ਖੜ੍ਹੇ ਹੋਣ ਦੀ ਗੱਲ ਆਖੀ ਹੈ।
ਕਿਸਾਨੀ ਮੁੱਦੇ 'ਤੇ ਫ਼ਤਿਹ ਜੰਗ ਬਾਜਵਾ ਨੇ ਜਿੱਥੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ, ਅਤੇ ਉਨ੍ਹਾਂ ਦੀ ਲੜਾਈ ਲੜਨ ਲਈ ਹਰ ਬਣਦਾ ਕਦਮ ਚੁੱਕੇਗੀ ਉੱਥੇ ਹੀ ਅਕਾਲੀ ਦਲ 'ਤੇ ਵੀ ਜੰਮ ਕੇ ਹੱਲਾ ਬੋਲਿਆ ਹੈ। ਉਨ੍ਹਾਂ ਅਕਾਲੀ ਦਲ ਨੂੰ ਦੋਗਲਾ ਕਰਾਰ ਦਿੰਦਿਆਂ ਉਨ੍ਹਾਂ ਨੂੰ ਕੇਂਦਰ ਦੀ ਸਮਰਥਕ ਦੱਸਿਆ ਅਤੇ ਕਿਹਾ ਕਿ ਕਾਂਗਰਸ ਨੂੰ ਅਕਾਲੀ ਦਲ ਦੀ ਕਿਸੇ ਵੀ ਸਲਾਹ ਦੀ ਲੋੜ ਨਹੀਂ ਹੈ।
ਸਰਕਾਰ 'ਚ ਚਲ ਰਹੀ ਤਕਰਾਰ ਅਤੇ ਫਤਿਹਗੰਜ ਬਾਜਵਾ ਨੇ ਦੱਸਿਆ ਕਿ ਇਨ੍ਹਾਂ ਤਕਰਾਰਾਂ ਨੂੰ ਦੂਰ ਕਰਨ ਲਈ ਹਰੀਸ਼ ਰਾਵਤ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋਂ ਨਾਲ ਮੁਲਾਕਾਤ ਕਰਨਗੇ।
ਦੱਸਣਯੋਗ ਹੈ ਕਿ 2022 ਦੀਆਂ ਚੋਣਾਂ 'ਚ ਮੁੜ ਸੱਤਾ 'ਚ ਆਉਣ ਲਈ ਕਾਂਗਰਸ ਨੇ ਰਫ਼ਤਾਰ ਫੜ੍ਹ ਲਈ ਹੈ ਜਿਸ ਲਈ ਇਹ ਲਾਜ਼ਮੀ ਹੈ ਕਿ ਸਰਕਾਰ ਵਿਚਲੀਆਂ ਤਲਖੀਆਂ ਦੂਰ ਹੋਣ ਜਿਸ ਦੇ ਚਲਦੇ ਕਾਂਗਰਸ ਹਾਈ ਕਮਾਨ ਦੇ ਸੁਨੇਹੇ 'ਤੇ ਹਰੀਸ਼ ਰਾਵਤ ਸੂਬੇ 'ਚ ਵਿਧਾਇਕਾਂ ਅਤੇ ਮੁੱਖ ਮੰਤਰੀ ਵਿਚਕਾਰ ਸੁਲਾਹ ਕਰਵਾਉਣ ਲਈ ਮੈਦਾਨ 'ਚ ਉੱਤਰ ਆਏ ਹਨ।