ਚੰਡੀਗੜ੍ਹ: ਮੋਹਾਲੀ ਦੇ ਹਾਈਟੈਕ ਇੰਡਸਟਰੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਰੁਪਿੰਦਰ ਸਿੰਘ ਸੱਚਦੇਵਾ ਇੱਕ ਵੱਖਰੀ ਹੀ ਸੇਵਾ ਨਿਭਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਰੁਪਿੰਦਰ ਸਿੰਘ ਸਚਦੇਵਾ ਆਕਸੀਜਨ ਦੇ ਸਿਲੰਡਰ ਭਰਨ ਦੀ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਲੰਗਰ ਸਬੰਧੀ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ।
ਪਰਿਵਾਰ ਦੀ ਸਹਿਮਤੀ ਨਾਲ ਸ਼ੁਰੂ ਕੀਤਾ ਇਹ ਨੇਕ ਕੰਮ
ਹਾਈਟੈਕ ਇੰਡਸਟਰੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਰੁਪਿੰਦਰ ਸਿੰਘ ਸੱਚਦੇਵਾ ਨੇ ਦੱਸਿਆ ਕਿ ਉਨ੍ਹਾਂ ਨੇ ਆਕਸੀਜਨ ਦੇ ਲੰਗਰ ਦੀ ਸ਼ੁਰੂਆਤ 20 ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਸਹਿਮਤੀ ਬਣਾ ਕੇ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਉਹ ਉਨ੍ਹਾਂ, ਲੋੜਵੰਦ ਪਰਿਵਾਰਾਂ ਨੂੰ ਰੋਜ਼ਾਨਾ 2-3 ਤਿੰਨ ਸਿਲੰਡਰ ਮੁਫ਼ਤ ਵਿੱਚ ਆਕਸੀਜਨ ਨਾਲ ਭਰ ਕੇ ਦਿੰਦੇ ਸਨ ਜਿਨ੍ਹਾਂ ਦੇ ਘਰ ਕੈਂਸਰ, ਦਿਲ ਦੀ ਬਿਮਾਰੀ ਜਾਂ ਫਿਰ ਅਜਿਹੇ ਮਰੀਜ਼ ਮੌਜੂਦ ਹਨ, ਜੋ ਕਿ ਆਕਸੀਜਨ ਦੇ ਸਹਾਰੇ ਰਹਿੰਦੇ ਹਨ, ਉਨ੍ਹਾਂ ਨੂੰ ਆਕਸੀਜਨ ਦੇ ਸਿਲੰਡਰ ਫ੍ਰੀ ਵਿੱਚ ਭਰ ਕੇ ਦਿੰਦੇ ਸਨ।
ਕੋਰੋਨਾ ਕਾਲ 'ਚ ਵੱਧ ਭਰਵਾਉਂਦੇ ਹਨ ਲੋਕ ਸਿਲੰਡਰ
ਰੁਪਿੰਦਰ ਨੇ ਦੱਸਿਆ ਉਹ ਪਿਛਲੇ 20 ਸਾਲਾਂ ਤੋਂ ਦੇਖ ਰਹੇ ਹਨ ਕਿ ਰੋਜ਼ਾਨਾ 2-3 ਸਿਲੰਡਰ ਹੀ ਫੈਕਟਰੀ ਵਿੱਚੋਂ ਭਰਵਾਏ ਜਾਂਦੇ ਸਨ ਪਰ ਪਿਛਲੇ 3 ਮਹੀਨੇ ਦੀ ਗੱਲ ਕੀਤੀ ਜਾਵੇ ਭਾਵ ਕਿ ਜਦੋਂ ਦੀ ਕੋਰੋਨਾ ਮਹਾਂਮਾਰੀ ਸ਼ੁਰੂ ਹੋਈ ਹੈ, ਉਦੋਂ ਤੋਂ ਰੋਜ਼ਾਨਾ ਸਿਲੰਡਰਾਂ ਦੀ ਗਿਣਤੀ ਵੱਧ ਕੇ 5 ਤੋਂ 10 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਉਹ ਆਕਸੀਜਨ ਭਰਨ ਦੇ ਕਿਸੇ ਤੋਂ ਵੀ ਪੈਸੈ ਨਹੀਂ ਲੈਂਦੇ ਹਨ ਤੇ ਜਦੋਂ ਵੀ ਕੋਈ ਸਿਲੰਡਰ ਭਰਵਾਉਣ ਆਉਂਦਾ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਕੋਰੋਨਾ ਦਾ ਦੌਰ ਚੱਲ ਰਿਹਾ ਹੈ, ਸਾਡੇ ਕੋਲ ਵੀ ਆਕਸੀਜਨ ਦੀ ਕਮੀ ਹੈ। ਰੁਪਿੰਦਰ ਸਿੰਘ ਨੇ ਕਿਹਾ ਕਿ ਉਹ ਇਹ ਕੰਮ ਲਗਾਤਾਰ ਕਰਦੇ ਰਹਿਣਗੇ ਤੇ ਕਿਸੇ ਦੇ ਕਹਿਣ 'ਤੇ ਵੀ ਨਹੀਂ ਛੱਡਣਗੇ।
ਆਕਸੀਜਨ ਭਰਵਾਉਣ ਆਏ ਵਿਅਕਤੀ ਨੇ ਕੀਤੀ ਸ਼ਲਾਘਾ
ਉੱਥੇ ਹੀ ਆਕਸੀਜਨ ਦਾ ਸਿਲੰਡਰ ਭਰਵਾਉਣ ਆਏ ਮਹਿੰਦਰ ਪਾਲ ਨੇ ਦੱਸਿਆ ਕਿ ਉਸ ਦਾ ਪੁੱਤਰ ਜਿੰਮ ਲਗਾਉਂਦਾ ਸੀ ਤੇ ਜ਼ਿਆਦਾ ਵਜ਼ਨ ਚੁੱਕਣ ਕਾਰਨ ਉਸ ਦੇ ਫੇਫੜਿਆਂ ਵਿੱਚ ਹਵਾ ਭਰ ਗਈ। ਇਸ ਕਰਕੇ ਉਸ ਦਾ ਪੁੱਤਰ 4 ਤਰੀਕ ਤੋਂ ਮੰਜੇ 'ਤੇ ਹੈ ਅਤੇ ਉਹ ਉਦੋਂ ਤੋਂ ਹੀ ਇੱਥੇ ਹਾਈਟੈੱਕ ਇੰਡਸਟਰੀਜ਼ ਲਿਮਟਿਡ ਦੇ ਵਿੱਚ ਸਿਲੰਡਰ ਭਰਵਾਉਂਦਾ ਹੈ।
ਮਹਿੰਦਰ ਨੇ ਦੱਸਿਆ ਕਿ ਉਹ ਇੱਥੇ ਆਉਂਦਾ ਹੈ ਤੇੇ ਉਸ ਨੂੰ 10-15 ਮਿੰਟਾਂ ਵਿੱਚ ਮੁਫ਼ਤ ਵਿੱਚ ਆਕਸੀਜਨ ਦਾ ਸਿਲੰਡਰ ਭਰ ਕੇ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਪੈਸੇ ਆਕਸੀਜਨ ਭਰਵਾਈ ਦੇ ਨਹੀਂ ਦਿੱਤੇ ਜਾਂਦੇ।