ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨਾਲ ਕਿਸੇ ਅਨਸਰ ਨੇ 23 ਲੱਖ ਦੀ ਠੱਗੀ ਮਾਰ ਲਈ। ਮਿਲੀ ਜਾਣਕਾਰੀ ਮੁਤਾਬਕ ਅਤਾਉੱਲਾ ਅਨਸਾਰੀ ਨਾਂਅ ਦੇ ਵਿਅਕਤੀ ਨੇ ਝਾਰਖੰਡ ਤੋਂ ਪ੍ਰਨੀਤ ਕੌਰ ਨੂੰ ਫ਼ੋਨ ਕਰਕੇ ਕਿਹਾ ਕਿ ਉਹ ਐਸ.ਬੀ.ਆਈ. ਦਾ ਮੈਨੇਜਰ ਬੋਲ ਰਿਹਾ ਹੈ। ਉਸ ਵੱਲੋਂ ਪ੍ਰਨੀਤ ਕੌਰ ਦੀ ਤਨਖ਼ਾਹ ਖਾਤੇ ਵਿੱਚ ਪਾਉਣ ਦਾ ਹਵਾਲਾ ਦੇ ਕੇ ਪ੍ਰਨੀਤ ਕੌਰ ਨੂੰ ਬੈਂਕ ਖਾਤੇ ਸਬੰਧੀ ਜਾਣਕਾਰੀ ਦੇਣ ਲਈ ਕਿਹਾ। ਠੱਗ ਨੇ ਗੱਲਾਂ ਗੱਲਾਂ ਵਿੱਚ ਬੈਂਕ ਦਾ ਖਾਤਾ ਨੰਬਰ, ਡੈਬਿਟ ਕਾਰਡ ਦਾ ਨੰਬਰ ਅਤੇ ਗ੍ਰਾਹਕ ਪੁਸ਼ਟੀ ਅੰਕ (CVV) ਵੀ ਪੁੱਛ ਲਿਆ।
ਇਸੇ ਗੱਲਬਾਤ ਦੌਰਾਨ ਠੱਗ ਨੇ ਪ੍ਰਨੀਤ ਕੌਰ ਤੋਂ ਸਾਰੀ ਜਾਣਕਾਰੀ ਲੈ ਕੇ ਉਸ ਨੇ ਕਿਸੇ ਐਪ 'ਚ ਭਰ ਕੇ ਇੱਕ ਵਾਰ ਵਰਤੋਂ ਵਾਲਾ ਪਾਸਵਰਡ (OTP) ਦੀ ਵੀ ਮੰਗ ਕੀਤੀ ਜੋ ਉਨ੍ਹਾਂ ਦੇ ਬੈਂਕ ਖਾਤੇ ਨਾਲ ਜੁੜੇ ਮੋਬਾਈਲ 'ਤੇ ਪਹੁੰਚਿਆ। ਜਿਵੇਂ ਹੀ ਪ੍ਰਨੀਤ ਕੌਰ ਨੇ ਫ਼ੋਨ ਕੱਟਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਦੇ ਖਾਤੇ ਵਿੱਚੋਂ 23 ਲੱਖ ਰੁਪਏ ਉੱਡ ਚੁੱਕੇ ਸਨ। ਮਾਮਲੇ ਦਾ ਪਤਾ ਲੱਗਣ 'ਤੇ ਪੁਲਿਸ ਨੇ ਤੁਰੰਤ ਹੀ ਠੱਗ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੰਗਲਵਾਰ ਨੂੰ ਪੰਜਾਬ ਪੁਲਿਸ ਦੀ 6 ਮੈਂਬਰੀ ਟੀਮ ਝਾਰਖੰਡ ਪਹੁੰਚੀ 'ਤੇ ਉੱਥੋਂ ਦੇ ਐਸ.ਪੀ. ਨੇ ਦੱਸਿਆ ਕਿ ਅਤਾਉੱਲਾ ਅੰਸਾਰੀ ਪਹਿਲਾਂ ਵੀ ਕਿਸੇ ਮਾਮਲੇ ਵਿੱਚ ਨਾਮਜ਼ਦ ਹੈ ਅਤੇ ਗ੍ਰਿਫ਼ਤਾਰੀ ਮਗਰੋਂ ਉਸ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ। ਪਟਿਆਲਾ ਜ਼ੋਨ ਦੇ ਆਈਜੀ ਏ.ਐਸ.ਰਾਏ ਨੇ ਦੱਸਿਆ ਕਿ 23 ਲੱਖ ਦੀ ਰਿਕਵਰੀ ਵੀ ਕਰ ਲਈ ਗਈ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਇਆ ਗਿਆ ਹੈ।