ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਵਾਇਰਸ ਦੇ 4 ਨਵੇਂ ਪੌਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਇਸ ਨਾਲ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਮਰੀਜ਼ਾ ਦੀ ਗਿਣਤੀ ਵੱਧ ਕੇ 5 ਹੋ ਗਈ ਹੈ।
ਵੀਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ -21 ਦੀ ਰਹਿਣ ਵਾਲੀ ਇੱਕ ਔਰਤ ਕੋਰੋਨਾ ਪਾਜ਼ੀਟਿਵ ਮਿਲੀ ਹੈ। ਇਸ ਤੋਂ ਬਾਅਦ ਚੰਡੀਗੜ੍ਹ ਸਿਹਤ ਵਿਭਾਗ ਵੱਲੋਂ ਔਰਤ ਦੇ ਪਰਿਵਾਰ ਵਾਲੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਉਨ੍ਹਾਂ ਦੀ ਜਾਂਚ ਰਿਪੋਰਟ 'ਚ ਸਾਹਮਣੇ ਆਇਆ ਕਿ ਮਹਿਲਾ ਦੀ ਮਾਂ, ਉਸ ਦਾ ਭਰਾ ਤੇ ਉਨ੍ਹਾਂ ਦੀ ਕੰਮ ਵਾਲੀ ਨੂੰ ਵੀ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ ਹੈ।
ਕੋਰੋਨਾ ਪਾਜ਼ੀਟਿਵ ਮਹਿਲਾ ਦਾ ਇਲਾਜ ਪੀਜੀਆਈ 'ਚ ਚੱਲ ਰਿਹਾ ਹੈ। ਚੰਡੀਗੜ੍ਹ 'ਚ 2 ਦਿਨਾਂ ਵਿੱਚ 5 ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਕਾਰਨ ਲੋਕ ਘਰੋਂ ਨਿਕਲਣ ਤੋਂ ਵੀ ਪਰਹੇਜ਼ ਕਰ ਰਹੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਸਕੂਲ, ਕਾਲਜ, ਯੂਨੀਵਰਸਿਟੀ, ਮਾਲ ਸਿਨੇਮਾ ਹਾਲ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ ਪਰ ਕੁਝ ਬਾਜ਼ਾਰ ਅਜਿਹੇ ਹਨ ਜਿੱਥੇ ਲੋਕ ਅਜੇ ਵੀ ਜਾ ਰਹੇ ਹਨ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦਿਆਂ ਲੋਕ ਘਰ ਛੱਡ ਕੇ ਨਹੀਂ ਜਾ ਰਹੇ। ਫਿਲਹਾਲ ਇਹ ਵੇਖਣਾ ਬਾਕੀ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਕੋਰੋਨਾ ਨੂੰ ਰੋਕਣ ਲਈ ਕੀ ਕਦਮ ਚੁੱਕਦਾ ਹੈ।