ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ 94 ਸਾਲਾ ਪ੍ਰਕਾਸ਼ ਸਿੰਘ ਬਾਦਲ ਨੂੰ ਛਾਤੀ ਅਤੇ ਢਿੱਡ ਵਿੱਚ ਦਰਦ ਹੋਣ ਤੋਂ ਬਾਅਦ ਚੈੱਕਅੱਪ ਲਈ ਪੀਜੀਆਈ ਲਿਆਂਦਾ ਗਿਆ ਸੀ, ਜਿੱਥੇ ਉਹਨਾਂ ਦੀ ਜਾਂਚ ਕੀਤੀ ਗਈ।
ਇਹ ਵੀ ਪੜੋ: ਵੱਡੀ ਖ਼ਬਰ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ, ਜਾਣੋ ਮਾਮਲਾ
ਹਾਲਤ ਸਥਿਰ: ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਬਾਬਾ ਬਾਦਲ ਨੂੰ ਗੈਸਟਿਕ ਦੀ ਕੋਈ ਸਮੱਸਿਆ ਸੀ, ਜਿਹਨਾਂ ਦੀ ਦੇਖਭਾਲ ਡਾਕਟਰਾਂ ਦੀ ਟੀਮ ਕਰ ਰਹੀ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਸਾਲ ਜਨਵਰੀ ਵਿੱਚ ਕੋਰੋਨਾ ਵੀ ਹੋ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜੋ: ਜੇਲ੍ਹਾਂ ਵਿੱਚੋਂ ਲਗਾਤਾਰ ਮਿਲ ਰਹੇ ਨੇ ਮੋਬਾਇਲ, ਹੁਣ ਫਰੀਦਕੋਟ ਦੀ ਜੇਲ੍ਹ ‘ਚੋਂ 8 ਫੋਨ ਬਰਾਮਦ
ਪੰਜਾਬ ਵਾਰ ਰਹਿ ਚੁੱਕੇ ਨੇ ਮੁੱਖ ਮੰਤਰੀ: ਅਕਸਰ ਹੀ ਪੰਜਾਬ ਦੇ ਸਿਆਸੀ ਗਲਿਆਰਿਆਂ ਤੇ ਪਿੰਡਾਂ ਦੀਆਂ ਸੱਥਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਵੱਡੀ ਗਿਣਤੀ ਵਿੱਚ ਸੂਬੇ ਦੇ ਲੋਕ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਦਾ ਤਜ਼ਰਬੇਕਾਰ ਖਿਡਾਰੀ ਮੰਨਦੇ ਹਨ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਦਹਾਕਿਆਂ ਤੋਂ ਉਹ ਪਾਰਟੀ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੀ ਸਰਪ੍ਰਸਤੀ ਹੇਠ ਅਕਾਲੀ ਦਲ ਕਾਫੀ ਉੱਭਰ ਕੇ ਵੀ ਸਾਹਮਣੇ ਆਇਆ।
ਪ੍ਰਕਾਸ਼ ਸਿੰਘ ਬਾਦਲ 10 ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। ਉਹ 1957 ਦੀਆਂ ਚੋਣਾਂ ਜਿੱਤਣ ਤੋਂ ਇਲਾਵਾ 1969 ਤੋਂ ਲਗਾਤਾਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿੱਤਦੇ ਆ ਰਹੇ ਹਨ। ਉਹ 1992 ਵਿੱਚ ਸਿਰਫ ਇੱਕ ਵਾਰ ਵਿਧਾਨ ਸਭਾ ਦੇ ਮੈਂਬਰ ਨਹੀਂ ਬਣੇ ਸਨ। ਇਸਦੇ ਨਾਲ ਹੀ ਉਨ੍ਹਾਂ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ।
ਪ੍ਰਕਾਸ਼ ਸਿੰਘ ਬਾਦਲ ਸਿੱਖ ਸਿਆਸਤਦਾਨ ਵਜੋਂ ਸਮੁੱਚੇ ਵਿਸ਼ਵ ਵਿੱਚ ਜਾਣੇ ਜਾਂਦੇ ਹਨ। ਸਿੱਖਾਂ ਦੀ ਸਰਵ ਉੱਚ ਗੁਰਦੁਆਰਾ ਪ੍ਰਬੰਧਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਕਬਜਾ ਰਿਹਾ ਹੈ। ਇਹ ਦਲ ਸ. ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਚੋਣਾਂ ਲੜਦਾ ਹੈ ਤੇ ਹਮੇਸ਼ਾ ਹੀ ਇਸੇ ਦਲ ਦਾ ਪ੍ਰਧਾਨ ਬਣਦਾ ਆਇਆ ਹੈ।
ਸ. ਬਾਦਲ ਨਾਲ ਤਾਲਮੇਲ ਕਾਰਨ ਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ 26 ਸਾਲ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਰਹੇ। ਇਸ ਤੋਂ ਇਲਾਵਾ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪਣ ਵਿੱਚ ਵੀ ਸ. ਬਾਦਲ ਦੀ ਅਹਿਮ ਭੂਮਿਕਾ ਰਹਿੰਦੀ ਹੈ, ਹਾਲਾਂਕਿ ਉਹ ਇਸ ਗੱਲ ਨੂੰ ਸਿੱਧੇ ਤੌਰ ’ਤੇ ਸਵੀਕਾਰ ਨਹੀਂ ਕਰਦੇ ਪਰ ਹਮੇਸ਼ਾ ਇਹੋ ਮੰਨਿਆ ਜਾਂਦਾ ਰਿਹਾ ਹੈ ਕਿ ਜਥੇਦਾਰ ਦਾ ਨਾਂ ਸ. ਬਾਦਲ ਹੀ ਤੈਅ ਕਰਦੇ ਹਨ।