ਚੰਡੀਗੜ੍ਹ : ਪੰਜਾਬੀ ਗਾਇਕ ਗੁਰਦਾਸ ਮਾਨ ਆਪਣੇ ਇਕ ਬਿਆਨ ਨੂੰ ਲੈ ਕੇ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਸਿੱਖ ਜਗਤ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਗੁਰਦਾਸ ਮਾਨ ਦਾ ਇਹ ਵਿਵਾਦਤ ਬਿਆਨ ਡੇਰਾ ਨਕੋਦਰ ਤੋਂ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਨੇ ਕਿਹਾ ਲਾਡੀ ਸ਼ਾਹ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚੋਂ ਹਨ।
ਇੱਕ ਲਾਈਵ ਗੀਤ ਗਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਲਾਡੀ ਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਬੱਚੇ ਹਨ। ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਸਿੱਖ ਜਗਤ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀ ਗੁਰਦਾਸ ਮਾਨ ਦਾ ਭਾਰੀ ਵਿਰੋਧ ਹੋ ਰਿਹਾ ਹੈ।
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਗੁਰਦਾਸ ਮਾਨ ਦਾ ਵਿਰੋਧ ਪੰਜਾਬ ਵਿੱਚ ਭਾਸ਼ਾ ਵਾਲੇ ਮਸਲੇ ਨੂੰ ਲੈ ਕੇ ਵੀ ਹੋਇਆ ਸੀ। ਆਪਣੇ ਲਾਈਵ ਅਖਾੜੇ ਵਿੱਚ ਕੁਝ ਲੋਕਾਂ ਪ੍ਰਤੀ ਇਤਰਾਜਯੋਗ ਸ਼ਬਦ ਵਰਤਣ ਕਾਰਨ ਗੁਰਦਾਸ ਮਾਨ ਦਾ ਵਿਰੋਧ ਹੋਇਆ ਸੀ।
ਦੂਜੇ ਪਾਸੇ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਅਸੀਂ ਨਕੋਦਰ ਥਾਣੇ ਅੱਗੇ ਜਾ ਕੇ ਇਸ ਦਾ ਵਿਰੋਧ ਕਰਾਂਗੇ। ਗੁਰਦਾਸ ਮਾਨ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਨੇ ਕਿਹਾ ਕਿ ਇੱਕ ਨਸ਼ੇੜੀ ਨਾਲ ਗੁਰੂ ਸਹਿਬਾਨ ਜੀ ਦੀ ਤੁਲਨਾ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਗੁਰਦਾਸ ਮਾਨ ਨੂੰ ਗੁਰਬਾਣੀ ਪੜਨ ਲਈ ਵੀ ਕਿਹਾ ਕਿ ਗਲਤ ਬਾਣੀ ਦੀਆਂ ਸਤਰਾਂ ਪੜਨ ਦੀ ਬਜਾਏ ਪਹਿਲਾਂ ਬਾਣੀ ਦਾ ਗਿਆਨ ਲਵੋ।
ਗੁਰਦਾਸ ਮਾਨ ਦਾ ਪੂਰਾ ਤਿੱਖਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਹਿਬਾਨ ਇੱਕ ਪਵਿੱਤਰ ਰੂਹ ਹਨ, ਗੁਰੂ ਜੀ ਦੀ ਤੁਲਨਾ ਇੱਕ ਨਸ਼ੇੜੀ ਨਾਲ ਕਰਨਾ ਗਲਤ ਹੈ। ਇਸ ਨੂੰ ਸਿੱਖ ਸੰਗਤਾਂ ਬਿਲਕੁਲ ਬਰਦਾਸ਼ਤ ਨਹੀਂ ਕਰਨਗੀਆਂ।
ਇਹ ਵੀ ਪੜ੍ਹੋ:ਭਾਰਤ ਲਿਆਂਦੇ ਜਾ ਰਹੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ
ਉਨ੍ਹਾਂ ਨੇ ਪ੍ਰਸ਼ਾਸ਼ਨ ਨੂੰ ਵੀ ਚਿਤਾਵਨੀ ਦਿੱਤੀ ਕਿ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਇਸ ਵਿਰੋਧ ਨੂੰ ਸਿੱਖ ਸੰਗਤਾਂ ਵੱਲੋਂ ਪੂਰੇ ਪੰਜਾਬ ਭਰ ਵਿੱਚ ਲਿਜਾਇਆ ਜਾਵੇਗਾ। ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਨਕੋਦਰ ਥਾਣੇ ਅੱਗੇ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਬੇਨਤੀ ਕੀਤੀ ਕਿ ਉਹ ਗੁਰਦਾਸ ਮਾਨ ਦਾ ਬਾਈਕਾਟ ਕਰਨ। ਗੁਰਦਾਸ ਮਾਨ ਦੁਆਰਾ ਲਗਾਏ ਜਾਂਦੇ ਵਿਦੇਸ਼ਾਂ ਵਿੱਚ ਸ਼ੋਅ ਦਾ ਸਿੱਖਾਂ ਵੱਲੋਂ ਵਿਰੋਧ ਕਰਨ ਦੀ ਵੀ ਅਪੀਲ ਕੀਤੀ।