ਚੰਡੀਗੜ੍ਹ: ਪੰਜਾਬ 'ਚ ਵਿਧਾਨ ਸਭਾ ਚੋਣਾਂ 'ਚ ਸਰਕਾਰ ਬਣਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਲੋਕਾਂ ਨਾਲ ਵਾਅਦ ਕੀਤਾ ਗਿਆ ਸੀ ਕਿ ਜੇਕਰ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਇੱਕ ਅਪ੍ਰੈਲ ਤੋਂ ਉਨ੍ਹਾਂ ਵਲੋਂ ਸੂਬੇ ਦੇ ਲੋਕਾਂ ਨੂੰ ਤਿੰਨ ਸੋ ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਲੰਬੇ ਸਮੇਂ ਤੋਂ ਪੰਜਾਬ 'ਚ ਰਾਜ ਕਰਦੀਆਂ ਆ ਰਹੀਆਂ ਰਵਾਇਤੀ ਪਾਰਟੀਆਂ ਨੂੰ ਪਾਸੇ ਕਰਕੇ ਪੰਜਾਬ ਦੇ ਲੋਕਾਂ ਨੇ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿੱਤੀ। ਸਰਕਾਰ ਵਲੋਂ ਆਪਣੇ ਐਲਾਨ ਮੁਤਾਬਿਕ ਇੱਕ ਜੁਲਾਈ ਤੋਂ ਮੁਫ਼ਤ ਬਿਜਲੀ ਦੇਣ ਦਾ ਕਿਹਾ ਗਿਆ ਹੈ ਪਰ ਇਸ ਵਿਚਾਲੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਕਿਸਾਨ ਪ੍ਰੇਸ਼ਨ ਹਨ। ਜਿਸ ਕਾਰਨ ਉਨ੍ਹਾਂ ਸੂਬਾ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਬਿਜਲੀ ਦੇ ਲੱਗ ਰਹੇ ਲੰਬੇ ਕੱਟ: ਪੰਜਾਬ 'ਚ ਗਰਮੀ ਵਧਣ ਕਾਰਨ ਬਿਜਲੀ ਦੀ ਖਪਤ ਵੀ ਵਧੀ ਹੈ, ਜਿਸ ਕਾਰਨ ਸੂਬੇ ਦੀ ਬਿਜਲੀ ਸਪਲਾਈ 'ਚ ਲੰਬੇ-ਲੰਬੇ ਕੱਟ ਲੱਗ ਰਹੇ ਹਨ। ਇੰਨ੍ਹਾਂ ਬਿਜਲੀ ਦੇ ਕੱਟਾਂ ਤੋਂ ਜਿਥੇ ਆਮ ਲੋਕ ਪ੍ਰੇਸ਼ਾਨ ਹਨ,ਉਥੇ ਹੀ ਕਿਸਾਨਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵਲੋਂ ਮੱਕੀ ਅਤੇ ਮੂੰਗੀ ਦੀ ਫਸਲ ਦੀ ਬਿਜਾਈ ਕੀਤੀ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਫਸਲ ਦੇ ਨੁਕਸਾਨ ਦਾ ਖਦਸ਼ਾ ਦਿਖਾਈ ਦੇ ਰਿਹਾ ਹੈ।
ਕਿਸਾਨਾਂ ਦਾ ਪ੍ਰਦਰਸ਼ਨ: ਬਿਜਲੀ ਦੇ ਲੰਬੇ ਕੱਟਾਂ ਦੇ ਚੱਲਦਿਆਂ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਜਿਸ ਦੇ ਚੱਲਦਿਆਂ ਸੂਬੇ 'ਚ ਕਈ ਥਾਵਾਂ 'ਤੇ ਕਿਸਾਨਾਂ ਵਲੋਂ ਕੌਮੀ ਮਾਰਗ ਜਾਮ ਕੀਤੇ ਗਏ ਤਾਂ ਕਈ ਥਾਵਾਂ 'ਤੇ ਸਰਕਾਰੀ ਦਫ਼ਤਰਾਂ ਦੇ ਬਾਹਰ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਕਿ ਜੇਕਰ ਬਿਜਲੀ ਦੇ ਨਿਰੰਤਰ ਕੱਟ ਰਹੇ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਵੱਡੇ ਪੱਧਰ 'ਤੇ ਜਾਵੇਗਾ।
ਜਨਰੇਟਰ ਚਲਾ ਪਾਲ ਰਹੇ ਫਸਲਾਂ: ਮੱਕੀ ਅਤੇ ਮੂੰਗੀ ਦੀ ਫ਼ਸਲ ਨੂੰ ਬਚਾਉਣ ਲਈ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜਰਨੇਟਰ ਚਲਾਉਣੇ ਪੈ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਦੁਖੀ ਕਿਸਾਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨੂੰ ਬਾਰਾਂ ਘੰਟੇ ਨਿਰਵਿਘਨ ਬਿਜਲੀ ਦੇਣ ਦੇ ਦਾਅਵੇ ਕਰਦੀ ਸੀ ਪ੍ਰੰਤੂ ਲਗਾਤਾਰ ਪਾਵਰ ਕੱਟ ਲੱਗਣ ਕਾਰਨ ਮੱਕੀ ਅਤੇ ਮੂੰਗੀ ਦੀ ਫ਼ਸਲ ਮਚਣ ਲੱਗੀ ਹੈ। ਜਿਸ ਕਾਰਨ ਮਹਿੰਗੇ ਭਾਅ ਦੇ ਬੀਜ ਖ਼ਰਾਬ ਹੋ ਰਹੇ ਹਨ। ਫ਼ਸਲ ਨੂੰ ਬਚਾਉਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਉਨ੍ਹਾਂ ਨੂੰ ਜਨਰੇਟਰ ਚਲਾਉਣੇ ਪੈ ਰਹੇ ਹਨ।
ਡਿਮਾਂਡ ਅਤੇ ਉਤਪਾਦਨ 'ਚ ਫਰਕ: ਬਿਜਲੀ ਦੀ ਉਪਲਬਧਤਾ ਅਤੇ ਡਿਮਾਂਡ ਵਿੱਚ ਫਾਸਲਾ ਵਧਣ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੰਬੇ ਪਾਵਰ ਕੱਟ ਦੇਖਣ ਨੂੰ ਮਿਲ ਰਹੇ ਹਨ। ਇੱਕ ਅਨੁਮਾਨ ਮੁਤਾਬਿਕ ਹੁਣ ਤੱਕ ਪੰਜਾਬ ਵਿੱਚ ਬਿਜਲੀ ਦੀ ਮੰਗ 7300 ਮੈਗਾਵਾਟ ਹੈ ਅਤੇ ਪਾਵਰਕਾਮ ਕੋਲ 4000 ਮੈਗਾ ਵਾਟ ਹੀ ਬਿਜਲੀ ਉਪਲਬਧ ਹੈ।
ਕੋਲਾ ਉਪਲਬਧ: ਮੀਡੀਆ ਰਿਪੋਰਟ ਦੇ ਅਨੁਸਾਰ ਤਲਵੰਡੀ ਸਾਬੋ ਥਰਮਲ ਪਲਾਂਟ 'ਚ 6 ਦਿਨ, ਰੋਪੜ ਥਰਮਲ ਪਲਾਂਟ ਵਿੱਚ 7 ਦਿਨ, ਲਹਿਰਾ ਥਰਮਲ ਪਲਾਂਟ 'ਚ 4 ਦਿਨ, ਰਾਜਪੁਰਾ ਥਰਮਲ ਪਲਾਂਟ 'ਚ 18 ਦਿਨ, ਗੋਇੰਦਵਾਲ ਸਾਹਿਬ ਥਰਮਲ ਪਲਾਂਟ 'ਚ 2 ਦਿਨ ਦਾ ਕੋਲਾ ਹੀ ਬਚਿਆ ਹੈ। ਕੋਲੇ ਦੀ ਘਾਟ ਦਾ ਅਸਰ ਬਿਜਲੀ ਦੇ ਉਤਪਾਦਣ 'ਤੇ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦੇ 4000 ਮੈਗਾਵਾਟ ਬਿਜਲੀ ਹੀ ਬਣ ਸਕੀ ਹੈ ਜੋ ਕਿ ਕੁੱਲ ਮੰਗ 7300 ਮੈਗਾਵਾਤ ਤੋਂ ਬਹੁਤ ਘੱਟ ਹੈ।
15 ਯੂਨਿਟਾਂ 'ਚ 5 ਬੰਦ: ਪੂਰੇ ਪੰਜਾਬ ਵਿੱਚ ਬਿਜਲੀ ਬਣਾਉਣ ਦੀਆਂ ਕੁੱਲ 15 ਯੂਨਿਟਾਂ ਹਨ ਇਨ੍ਹਾਂ ਵਿੱਚੋਂ ਕੁੱਲ 10 ਯੂਨਿਟਾਂ ਹੀ ਚੱਲ ਰਹੀਆਂ ਹਨ, ਜਦਕਿ 5 ਯੂਨਿਟਾਂ ਬੰਦ ਪਈਆਂ ਹਨ। ਤਲਵੰਡੀ ਸਾਬੋ ਥਰਮਲ ਪਲਾਂਟ 'ਚ 3, ਰੋਪੜ ਥਰਮਲ ਪਲਾਂਟ 'ਚ 4 ਦਿਨ, ਲਹਿਰਾ ਥਰਮਲ ਪਲਾਂਟ 'ਚ 4, ਰਾਜਪੁਰਾ ਥਰਮਲ ਪਲਾਂਟ 'ਚ 2 ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ 'ਚ 2 ਯੂਨਿਟਾਂ ਹਨ। ਇਨ੍ਹਾਂ ਵਿਚੋਂ ਤਲਵੰਡੀ ਸਾਬੋ ਵਿੱਚ 2 , ਰੋਪੜ ਵਿੱਚ 2 ਅਤੇ ਗੋਇੰਦਵਾਲ ਵਿੱਚ 1 ਯੂਨਿਟ ਬੰਦ ਹੈ। ਮਾਹਿਰਾਂ ਦਾ ਇਸ ਨੂੰ ਲੈ ਕੇ ਕਹਿਣਾ ਹੈ ਕਿ ਜੇਕਰ ਕੋਲਾ ਸੰਕਟ ਜਾਰੀ ਰਹਿੰਦਾ ਹੈ ਤਾਂ ਇਸ ਦਾ ਅਸਰ ਹੋਰ ਵੱਧ ਸਕਦਾ ਹੈ ਅਤੇ ਸੂਬੇ ਵਿੱਚ ਹੋਰ ਵੀ ਲੰਬੇ ਕੱਟ ਦੇਖਣ ਨੂੰ ਮਿਲ ਸਕਦੇ ਹਨ।
ਬਲੈਕਆਊਟ ਦਾ ਖਦਸ਼ਾ: ਇਸ ਦੇ ਨਾਲ ਹੀ ਜੇਕਰ ਦੇਖਿਆ ਜਾਵੇ ਕਿ ਕੋਲੇ ਦੀ ਸਪਲਾਈ ਨਿਰੰਤਰ ਘਟਦੀ ਗਈ ਅਤੇ ਕੋਲੇ ਦੀ ਆਮਦ ਨਹੀਂ ਹੁੰਦੀ ਤਾਂ ਸੂਬੇ 'ਚ ਬਲੈਕਆਊਟ ਵਰਗੇ ਹਾਲਾਤ ਵੀ ਬਣ ਸਕਦੇ ਹਨ। ਜਿਸ ਕਾਰਨ ਸੂਬੇ ਨੂੰ ਵੱਡੇ ਘਾਟੇ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ: ਪਟਿਆਲਾ ਹਿੰਸਾ ਮਾਮਲੇ ਤੇ ਬੋਲੇ ਭਾਜਪਾ ਆਗੂ, 'ਕਿਹਾ ਸਰਕਾਰ ਵੱਲੋਂ ਕੋਈ ਅਣਗਹਿਲੀ ਨਹੀਂ ਸਗੋਂ ਭੁੱਲ ਹੋਈ'