ਚੰਡੀਗੜ੍ਹ: ਆਪਣੇ ਅਨੋਖੇ ਵਿਰਸੇ ਤੇ ਸੱਭਿਆਚਾਰ ਲਈ ਜਾਣੇ ਜਾਣ ਵਾਲੇ ਪੰਜਾਬ 'ਚ ਲੱਚਰ ਗਾਇਕੀ ਵੱਧਦੀ ਹੀ ਜਾ ਰਹੀ ਹੈ। ਇੰਟਰਨੈੱਟ ਤੋਂ ਚੱਲੀ ਲਾਈਵ ਸ਼ੋਅਜ਼ 'ਚੋਂ ਹੁੰਦਿਆਂ ਇਹ ਲੱਚਰਤਾ ਸਕੂਲਾਂ 'ਚ ਵੀ ਪਰੋਸੀ ਗਈ। ਹਾਲਾਂਕਿ ਸਮੇਂ-ਸਮੇਂ ਤੇ ਪੰਜਾਬੀ ਗਾਣਿਆਂ 'ਚ ਵਿਖਾਈ ਜਾਂਦੀ ਲੱਚਰਤਾ ਦਾ ਵਿਰੋਧ ਹੁੰਦਾ ਰਿਹਾ ਹੈ ਪਰ ਹੁਣ ਇਹ ਵਿਰੋਧ ਹੋਰ ਜ਼ੋਰ ਫੜ੍ਹ ਰਿਹਾ ਹੈ। ਗਾਇਕੀ ਤੇ ਪੰਜਾਬੀ ਸਿਨੇਮਾਂ ਨਾਲ ਜੁੜੀਆਂ ਹਸਤੀਆਂ ਵੀ ਇਸ ਤੇ ਰੋਕ ਲਾਉਣ ਦੀ ਮੰਗ ਕਰ ਰਹੀਆਂ ਹਨ। ਫਿਲਮਾਂ ਦੇ ਨਾਲ-ਨਾਲ ਗਾਣਿਆਂ ਲਈ ਵੀ ਸੈਂਸਰ ਬੋਰਡ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬੀ ਅਦਾਕਾਰ ਦੇਵ ਖਰੋੜ ਨੇ ਕਿਹਾ ਕਿ ਫਿਲਮਾਂ ਵਾਂਗ ਗਾਣੇ ਵੀ ਸੈਂਸਰ ਹੋਣੇ ਚਾਹੀਦੇ ਹਨ ਕਿਉਂਕਿ ਇਸ ਦਾ ਨੌਜਵਾਨਾਂ ਤੇ ਸਿੱਧਾ ਪ੍ਰਭਾਵ ਪੈਂਦਾ ਹੈ।
ਮਸ਼ਹੂਰ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਐਂਟਰਟੇਨਮੈਂਟ ਦੇ ਨਾਂਅ ਤੇ ਚੱਲ ਰਹੀਆਂ ਵੈੱਬ ਸੀਰੀਜ਼ ਨੂੰ ਲੱਚਰਤਾ ਵਧਾਉਣ ਲਈ ਜ਼ਿੰਮੇਵਾਰ ਮੰਨਦੇ ਹਨ। ਹਾਲਾਂਕਿ ਬੀਨੂੰ ਢਿੱਲੋਂ ਨੇ ਮੰਨਿਆਂ ਕਿ ਗਨ ਕਲਚਰ ਤੇ ਹੋਰ ਲੱਚਰ ਗਾਇਕੀ ਦਾ ਯੂਥ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਕੰਟੈਂਟ ਨਾ ਦੇਖਣ-ਸੁਣਨ ਕਿਉਂਕਿ ਇਸ ਨਾਲ ਅਦਾਕਾਰਾ ਜਾਂ ਗਾਇਕਾਂ ਨੂੰ ਹੋਰ ਹੁੰਗਾਰਾ ਮਿਲਦਾ।
ਦੂਜੇ ਪਾਸੇ, ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕਹਿ ਚੁੱਕੇ ਹਨ ਕਿ ਆਉਣ ਵਾਲੇ ਵਿਧਾਨ ਸਭਾ ਇਜਲਾਸ ਵਿੱਚ ਲੱਚਰ ਗਾਇਕੀ ਦੇ ਖ਼ਿਲਾਫ਼ ਸਰਕਾਰ ਨਵਾਂ ਕਾਨੂੰਨ ਲੈ ਕੇ ਆਵੇਗੀ।
ਸੈਂਸਰ ਬੋਰਡ ਦੀ ਮੰਗ ਨਵੀਂ ਨਹੀਂ ਹੈ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਵੀ ਲੱਚਰ ਗਾਇਕੀ ਤੇ ਠੱਲ੍ਹ ਪਾਉਣ ਲਈ ਸੈਂਸਰ ਬੋਰਡ ਬਣਾਉਣ ਦੇ ਵਾਅਦੇ ਕੀਤੇ ਪਰ ਹਾਲੇ ਤੱਕ ਨਾ ਤਾਂ ਸੈਂਸਰ ਬੋਰਡ ਬਣਿਆ ਹੈ ਤੇ ਨਾਂ ਹੀ ਲੱਚਰਤਾ, ਗਨ ਕਲਚਰ, ਗੈਂਗਸਟਰ, ਸ਼ਰਾਬ, ਨਸ਼ੇ ਨੂੰ ਪ੍ਰੋਮੋਟ ਕਰਨ ਵਾਲੇ ਗਾਣਿਆਂ ਤੇ ਠੱਲ੍ਹ ਪਈ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਵਾਰ ਦੀ ਕੋਸ਼ਿਸ਼ਾਂ ਨੂੰ ਬੂਰ ਪਵੇਗਾ ਜਾਂ ਨਹੀਂ।