ਚੰਡੀਗੜ੍ਹ :ਪਲਾਸਟਿਕ ਸਾਡੇ ਵਾਤਾਵਰਣ ਦੇ ਨਾਲ-ਨਾਲ ਸਾਡੀ ਸਿਹਤ ਲਈ ਵੀ ਨੁਕਸਾਨਦਾਇਕ ਹੈ। ਅਸੀਂ ਅਜੇ ਵੀ ਇਸ ਨੂੰ ਪੂਰੀ ਤਰ੍ਹਾਂ ਡਿਸਪੋਜ਼ ਕਰਨ 'ਚ ਅਸਮਰਥ ਹਾਂ। ਅਜਿਹੇ 'ਚ ਪਲਾਸਟਿਕ ਕਾਰਨ ਵਾਤਾਵਰਣ ਦੂਸ਼ਿਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਨੂੰ ਮੱਦੇਨਜ਼ਰ ਰੱਖਦਿਆਂ ਵਾਤਾਵਰਣ ਪ੍ਰੇਮੀ ਨਰੇਸ਼ ਕੋਹਲੀ ਨੇ ਬੇਕਾਰ ਪਲਾਸਟਿਕ ਦੀ ਵਰਤੋਂ ਕਰ ਖ਼ੁਬਸੁਰਤ ਬਾਗ ਤਿਆਰ ਕੀਤਾ ਹੈ। ਇਸ ਦੇ ਲਈ ਉਹ ਹੋਰਨਾਂ ਲੋਕਾਂ ਨੂੰ ਵੀ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਕਰ ਰਹੇ ਹਨ।
ਨਰੇਸ਼ ਕੋਹਲੀ ਨੇ ਇੱਕ ਵਿਲੱਖਣ ਪਹਿਲ ਕਰਦਿਆਂ ਘਰ 'ਚ ਪਲਾਸਟਿਕ ਦੇ ਭਾਂਡੇ, ਪਾਣੀ ਦੀਆਂ ਬੋਤਲਾਂ, ਬੱਚਿਆਂ ਦੇ ਸਾਈਕਲ ਤੇ ਰਬੜ ਦੇ ਟਾਇਰ ਆਦਿ ਵੱਖ-ਵੱਖ ਚੀਜ਼ਾਂ ਦੀ ਵਰਤੋਂ ਕਰਕੇ ਖ਼ੁਬਸੁਰਤ ਬਾਗ ਤਿਆਰ ਕੀਤਾ ਹੈ। ਨਰੇਸ਼ ਕੋਹਲੀ ਨੇ ਇਨ੍ਹਾਂ ਨਾ ਵਰਤਣਯੋਗ ਚੀਜ਼ਾਂ ਨਾਲ ਸਜਾਵਟੀ ਗਮਲੇ ਤਿਆਰ ਕਰਕੇ ਇਸ 'ਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾ ਕੇ ਇਨ੍ਹਾਂ ਨੂੰ ਨਵੇਕਲਾ ਰੂਪ ਦੇ ਦਿੱਤਾ ਹੈ। ਪਲਾਸਟਿਕ ਨਾਲ ਤਿਆਰ ਕੀਤੇ ਗਏ ਇਹ ਗਮਲੇ ਨਾਂ ਸਿਰਫ ਘਰ ਦੀ ਸੁੰਦਰਤਾ ਨੂੰ ਚਾਰ-ਚੰਨ ਲਾ ਰਹੇ ਹਨ, ਬਲਕਿ ਇਹ ਵਾਤਾਵਰਣ ਦੀ ਸ਼ੁਧਤਾ ਨੂੰ ਕਾਇਮ ਰੱਖਣ 'ਚ ਸਹਾਇਕ ਹੋ ਰਹੇ ਹਨ।
![ਬੇਕਾਰ ਪਲਾਸਟਿਕ ਦੀ ਵਰਤੋਂ ਕਰ ਤਿਆਰ ਕੀਤਾ ਖ਼ੁਬਸੂਰਤ ਬਾਗ](https://etvbharatimages.akamaized.net/etvbharat/prod-images/pb-cha-naresh-kohli-of-chandigarh-has-decorated-his-garden-using-broken-toys-waste-material-7209046_17092020215509_1709f_03520_498.jpg)
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਨਰੇਸ਼ ਕੋਹਲੀ ਨੇ ਕਿਹਾ ਕਿ ਉਹ ਚੰਡੀਗੜ੍ਹ ਸ਼ਹਿਰ ਦੇ ਵਸਨੀਕ ਹਨ। ਉਹ ਅਕਸਰ ਪਰਿਵਾਰ ਨਾਲ ਰੌਕ ਗਾਰਡਨ ਘੁੰਮਣ ਜਾਂਦੇ ਸਨ। ਉਨ੍ਹਾਂ ਆਖਿਆ ਕਿ ਉਹ ਰਾਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਦੀ ਕਲਾਕ੍ਰੀਤੀਆਂ ਤੋਂ ਕਾਫੀ ਪ੍ਰਭਾਵਤ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ 'ਚ ਇੱਕ ਬਗੀਚਾ ਤਿਆਰ ਕਰਨ ਦਾ ਮਨ ਬਣਾਇਆ। ਨਰੇਸ਼ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਬਾਗਵਾਨੀ ਕਰ ਰਹੇ ਹਨ ਅਤੇ ਉਹ ਵੇਸਟ ਮਟੀਰੀਅਲ ਦੀ ਵਰਤੋਂ ਕਰਕੇ ਵੱਖ-ਵੱਖ ਤਰ੍ਹਾਂ ਦੇ ਸਜਾਵਟੀ ਗਮਲੇ ਤਿਆਰ ਕਰਦੇ ਹਨ। ਇਨ੍ਹਾਂ 'ਚ ਉਹ ਬੂਟੇ ਲਗਾਉਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਲਾਸਟਿਕ ਨੂੰ ਇਸ ਤਰੀਕੇ ਨਾਲ ਵਰਤ ਕੇ ਵਾਤਾਵਰਣ ਦੀ ਸਾਂਭ ਸੰਭਾਲ 'ਚ ਆਪਣਾ ਯੋਗਦਾਨ ਪਾ ਸਕਦੇ ਹਾਂ।
![ਬੇਕਾਰ ਪਲਾਸਟਿਕ ਦੀ ਵਰਤੋਂ ਕਰ ਤਿਆਰ ਕੀਤਾ ਖ਼ੁਬਸੂਰਤ ਬਾਗ](https://etvbharatimages.akamaized.net/etvbharat/prod-images/8889173_chd1.jpg)
![ਬੇਕਾਰ ਪਲਾਸਟਿਕ ਦੀ ਵਰਤੋਂ ਕਰ ਤਿਆਰ ਕੀਤਾ ਖ਼ੁਬਸੂਰਤ ਬਾਗ](https://etvbharatimages.akamaized.net/etvbharat/prod-images/8889173_chd3.jpg)
ਨਰੇਸ਼ ਕੋਹਲੀ ਨੇ ਕਿਹਾ ਮੌਜੂਦਾ ਸਮੇਂ ਦੀ ਭੱਜਦੋੜ ਵਾਲੀ ਜ਼ਿੰਦਗੀ 'ਚ ਹਰ ਵਿਅਕਤੀ ਕੋਲ ਸਮੇਂ ਦੀ ਘਾਟ ਹੈ, ਪਰ ਜੇਕਰ ਅਸੀਂ ਘਰ 'ਚ ਅਜਿਹੇ ਬਗੀਚੇ ਤਿਆਰ ਕਰਦੇ ਹਾਂ ਤਾਂ ਇਸ ਨਾਲ ਸਾਨੂੰ ਵਾਤਾਵਰਣ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਪਲਾਸਟਿਕ ਨੂੰ ਅੱਗ 'ਚ ਸਾੜਨ ਕੇ ਖ਼ਤਮ ਨਹੀਂ ਕੀਤਾ ਜਾ ਸਕਦਾ। ਪਲਾਸਟਿਕ ਸਾੜਨ ਸਮੇਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਆਕਸੀਜ਼ਨ 'ਚ ਘੁਲ ਜਾਂਦਾ ਹੈ, ਜੋ ਕਿ ਮਨੁੱਖੀ ਸਿਹਤ ਤੇ ਵਾਤਾਵਰਣ ਲਈ ਹਾਨੀਕਾਰਕ ਹੈ। ਨਰੇਸ਼ ਕੋਹਲੀ ਨੇ ਆਖਿਆ ਕਿ ਘਰ 'ਚ ਹੀ ਬਗੀਚਾ ਤਿਆਰ ਕਰਕੇ ਅਸੀਂ ਵਾਤਾਵਰਣ ਨੂੰ ਸ਼ੁੱਧ ਤੇ ਸਾਫ਼ ਰੱਖਣ 'ਚ ਆਪਣਾ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਸ਼ਹਿਰਵਾਸੀਆਂ ਨੂੰ ਬਾਗਵਾਨੀ ਅਪਣਾ ਕੇ ਵਾਤਾਵਰਣ ਬਚਾਉਣ ਦੀ ਅਪੀਲ ਕੀਤੀ।